ਬੈਠਕ ਤੋਂ ਪਹਿਲਾਂ ਹੀ ਕੌਂਸਲ ਪ੍ਰਧਾਨ ਨੇ ਦਿੱਤਾ ਅਸਤੀਫਾ
Saturday, Nov 25, 2017 - 02:55 AM (IST)

ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਕਈ ਦਿਨਾਂ ਤੋਂ ਨਗਰ ਕੌਂਸਲ 'ਚ ਪ੍ਰਧਾਨ ਖਿਲਾਫ ਬੇਭਰੋਸਗੀ ਦੇ ਮਤੇ ਸੰਬੰਧੀ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਸ਼ਾਂਤ ਹੋ ਗਿਆ, ਜਦੋਂ ਮਤਾ ਪਾਸ ਕਰਨ ਲਈ ਸੱਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਆਪਣਾ ਅਸਤੀਫਾ ਦੇ ਦਿੱਤਾ।
ਡਿਪਟੀ ਕਮਿਸ਼ਨਰ ਨੂੰ ਦਿੱਤੇ ਅਸਤੀਫੇ 'ਚ ਕਿਹਾ ਗਿਆ ਹੈ, ''ਕੌਂਸਲਰਾਂ ਵੱਲੋਂ ਸਹਿਯੋਗ ਪ੍ਰਾਪਤ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਦੀਆਂ ਮੰਗਾਂ/ਸ਼ਿਕਾਇਤਾਂ ਤੇ ਹੋਰ ਜ਼ਰੂਰੀ ਕੰਮਾਂ ਦਾ ਨਿਪਟਾਰਾ ਨਾ ਹੋਣ ਕਰਕੇ ਮੈਂ ਮਹਿੰਦਰ ਸਿੰਘ ਵਾਲੀਆ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।'' ਉਧਰ, ਇਸ ਸੰਬੰਧੀ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਪ੍ਰਧਾਨ ਵੱਲੋਂ ਦਿੱਤਾ ਗਿਆ ਅਸਤੀਫਾ ਨਾ ਤਾਂ ਕਿਸੇ ਦੀ ਜਿੱਤ ਹੈ ਤੇ ਨਾ ਹੀ ਕਿਸੇ ਦੀ ਹਾਰ, ਸਗੋਂ ਇਹ ਤਾਂ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਹੈ। ਪ੍ਰਧਾਨ ਦੇ ਅਹੁਦੇ ਲਈ ਅਗਲੇ ਉਮੀਦਵਾਰ ਬਾਰੇ ਪੁੱਛਣ 'ਤੇ ਰਾਣਾ ਨੇ ਕਿਹਾ ਕਿ 13 ਦੇ 13 ਕੌਂਸਲਰ ਮੇਰਾ ਪਰਿਵਾਰ ਹੈ ਤੇ ਜਿਥੋਂ ਤੱਕ ਪ੍ਰਧਾਨ ਜਾਂ ਹੋਰ ਅਹੁਦਿਆਂ ਦਾ ਸਵਾਲ ਹੈ ਤਾਂ ਉਹ ਇਨ੍ਹਾਂ ਕੌਂਸਲਰ ਸਾਹਿਬਾਨ ਦਾ ਆਪਸੀ ਫੈਸਲਾ ਹੈ ਤੇ ਕੋਈ ਵੀ ਚੁਣਿਆ ਜਾ ਸਕਦਾ ਹੈ।
ਇਸ ਮੌਕੇ ਜਥੇਦਾਰ ਰਾਮ ਸਿੰਘ, ਹਰਜੀਤ ਸਿੰਘ ਜੀਤਾ, ਨਰਿੰਦਰ ਸੈਣੀ, ਗੁਰਅਵਤਾਰ ਸਿੰਘ ਚੰਨ, ਸੋਨਿਕਾ ਮਹਿਤਾ, ਰੀਟਾ ਰਾਣੀ, ਜਤਿੰਦਰ ਕੌਰ ਰਤਨ, ਇੰਦਰਜੀਤ ਕੌਸ਼ਲ ਤੇ ਮਨਪ੍ਰੀਤ ਕੌਰ ਅਰੋੜਾ ਸਮੇਤ ਹਰਬੰਸ ਲਾਲ ਮਹਿੰਦਲੀ, ਰਮੇਸ਼ ਦਸਗਰਾਈਂ, ਕਮਲ ਦੇਵ ਜੋਸ਼ੀ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਕਮਲਦੀਪ ਸੈਣੀ, ਮਨਮੋਹਨ ਸਿੰਘ ਰਾਣਾ, ਡਾ. ਆਤਮਾ ਸਿੰਘ ਰਾਣਾ, ਕੁਲਦੀਪ ਸਿੰਘ ਬੰਗਾ, ਸੰਜੀਵਨ ਰਾਣਾ ਆਦਿ ਹਾਜ਼ਰ ਸਨ।