ਜਿਹੜੇ ਅਫ਼ਸਰ ਕਦੇ ਫੀਲਡ ’ਚ ਹੀ ਨਹੀਂ ਨਿਕਲਦੇ, ਨਿਗਮ ਕਮਿਸ਼ਨਰ ਵਲੋਂ ਉਨ੍ਹਾਂ ਲਈ ਨਵੇਂ ਹੁਕਮ ਜਾਰੀ
Wednesday, Jun 14, 2023 - 12:54 PM (IST)
ਜਲੰਧਰ (ਖੁਰਾਣਾ) : ਇਸ ਸਮੇਂ ਸ਼ਹਿਰ ਸਾਫ਼-ਸਫ਼ਾਈ ਅਤੇ ਕੂੜੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਭਾਵੇਂ ਨਿਗਮ ਕਮਿਸ਼ਨਰ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਨੂੰ ਕੂੜੇ ਤੋਂ ਮੁਕਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਪਰ ਅਜੇ ਵੀ ਇਸ ਖੇਤਰ ’ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਕ ਨਵਾਂ ਹੁਕਮ ਕੱਢ ਕੇ ਨਿਗਮ ਕਮਿਸ਼ਨਰ ਨੇ ਹੁਣ ਨਿਗਮ ਦੇ ਬੀ. ਐਂਡ. ਆਰ. ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀ ਡਿਊਟੀ ਕੂੜੇ ਦੀ ਮੈਨੇਜਮੈਂਟ ਨਾਲ ਸਬੰਧਤ ਕੰਮ ਵਿਚ ਲਾ ਦਿੱਤੀ ਹੈ, ਉਸ ਨਾਲ ਨਿਗਮ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਹੜੇ ਅਫਸਰਾਂ ਤੋਂ ਸ਼ਹਿਰ ਦੀਆਂ ਸੜਕਾਂ ਹੀ ਨਹੀਂ ਸੰਭਲ ਪਾ ਰਹੀਆਂ, ਉਹ ਕੂੜੇ ਦੇ ਕੰਮ ਦੀ ਨਿਗਰਾਨੀ ਕੀ ਕਰਨਗੇ ਕਿਉਂਕਿ ਅਜਿਹੇ ਅਫਸਰ ਕਦੀ ਫੀਲਡ ਵਿਚ ਨਿਕਲਦੇ ਹੀ ਨਹੀਂ। ਅੱਜ ਸ਼ਹਿਰ ਦੀਆਂ ਪੁਰਾਣੀਆਂ ਅਤੇ ਨਵੀਆਂ ਬਣੀਆਂ ਸੜਕਾਂ ’ਤੇ ਸੈਂਕੜੇ ਦੀ ਗਿਣਤੀ ਵਿਚ ਸੀਵਰੇਜ ਦੇ ਢੱਕਣ ਹੇਠਾਂ ਜਾਂ ਟੇਢੇ-ਮੇਢੇ ਲੱਗੇ ਹੋਏ ਹਨ, ਜਿਸ ਕਾਰਨ ਅਕਸਰ ਹਾਦਸੇ ਹੁੰਦੇ ਹਨ। ਸ਼ਹਿਰ ਦੀਆਂ ਮੇਨ ਸੜਕਾਂ ’ਤੇ ਵੱਡੇ-ਵੱਡੇ ਟੋਏ ਹਨ। ਇਨ੍ਹਾਂ ’ਤੇ ਜਦੋਂ ਪੈਚਵਰਕ ਹੁੰਦਾ ਹੈ ਤਾਂ 2 ਦਿਨਾਂ ਵਿਚ ਹੀ ਸਾਰੀ ਬੱਜਰੀ ਖਿੱਲਰ ਜਾਂਦੀ ਹੈ। ਅਜਿਹੇ ਵਿਚ ਹੁਣ ਇਹ ਅਧਿਕਾਰੀ ਵਾਧੂ ਸਮਾਂ ਕੱਢ ਕੇ ਕੂੜੇ ਨਾਲ ਸਬੰਧਤ ਕੰਮ ਨੂੰ ਕਿਵੇਂ ਕਰਨਗੇ, ਇਹ ਕਮਿਸ਼ਨਰ ਲਈ ਵੀ ਇਕ ਚੈਲੇਂਜ ਹੋਵੇਗਾ।
ਇਹ ਵੀ ਪੜ੍ਹੋ : 9 ਸਾਲ ਬੇਮਿਸਾਲ ਪ੍ਰੋਗਰਾਮ ਅਧੀਨ ਭਾਜਪਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ, ਕੀਤਾ ਵੱਡਾ ਦਾਅਵਾ
ਇਨ੍ਹਾਂ ਅਫਸਰਾਂ ਦੀ ਲਾਈ ਗਈ ਨਵੀਂ ਡਿਊਟੀ
► ਐੱਸ. ਈ. ਰਜਨੀਸ਼ ਡੋਗਰਾ, ਐੱਸ. ਡੀ. ਓ. ਹਰਪ੍ਰੀਤ ਅਤੇ ਐੱਸ. ਡੀ.ਓ. ਰਿਤੇਸ਼ ਵੈਸਟ ਵਿਧਾਨ ਸਭਾ ਹਲਕਾ ਦੇਖਣਗੇ, ਜਿਨ੍ਹਾਂ ਨਾਲ ਸੈਨੇਟਰੀ ਇੰਸਪੈਕਟਰ ਰਮਨਜੀਤ ਸਿੰਘ, ਨਰੇਸ਼, ਰਜਨੀ ਅਤੇ ਅਸ਼ੋਕ ਭੀਲ ਦੀ ਡਿਊਟੀ ਹੋਵੇਗੀ।
► ਐੱਸ. ਈ. ਰਾਹੁਲ ਧਵਨ, ਐੱਸ. ਡੀ. ਓ. ਹਿਤੇਸ਼ ਅਤੇ ਐੱਸ. ਡੀ. ਓ. ਰਾਜੇਸ਼ ਸੈਂਟਰਲ ਹਲਕੇ ਦਾ ਕੰਮ ਦੇਖਣਗੇ, ਜਿਨ੍ਹਾਂ ਦੇ ਨਾਲ ਐੱਸ. ਆਈ. ਰਾਜੇਸ਼ ਕੁਮਾਰ, ਰਿੰਪੀ ਕਲਿਆਣ, ਗੁਰਦਿਆਲ ਸਿੰਘ ਅਤੇ ਧੀਰਜ ਦੀ ਡਿਊਟੀ ਲੱਗੇਗੀ।
► ਕੈਂਟ ਹਲਕੇ ਦਾ ਕੰਮ ਐੱਸ. ਡੀ. ਓ. ਸੌਰਵ ਨੂੰ ਸੌਂਪਿਆ ਗਿਆ ਹੈ, ਜਿਨ੍ਹਾਂ ਦੇ ਨਾਲ ਜਗਸੀਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਅਟੈਚ ਕੀਤਾ ਗਿਆ ਹੈ।
► ਉੱਤਰੀ ਵਿਧਾਨ ਸਭਾ ਹਲਕੇ ਵਿਚ ਐੱਸ. ਡੀ. ਓ. ਤਰਨ ਅਤੇ ਮਿਸ ਕੋਮਲ ਦੀ ਡਿਊਟੀ ਲਾਈ ਗਈ ਹੈ, ਜਿਨ੍ਹਾਂ ਦੇ ਨਾਲ ਵਿਕ੍ਰਾਂਤ ਸਿੱਧੂ, ਪਵਨ ਕੁਮਾਰ ਅਤੇ ਸੰਜੀਵ ਕੁਮਾਰ ਰਹਿਣਗੇ।
ਇਹ ਟੀਮਾਂ ਸੈਨੇਟਰੀ ਇੰਸਪੈਕਟਰਾਂ ਦੇ ਕੰਮਕਾਜ ’ਤੇ ਨਜ਼ਰ ਰੱਖਣਗੀਆਂ। ਡੋਰ-ਟੂ-ਡੋਰ ਸਰਵੇ ਕਰ ਕੇ ਕੂੜੇ ਦੇ ਉਤਪਾਦਕਾਂ ਦਾ ਪਤਾ ਲਾਉਣਗੀਆਂ। ਵੱਡੇ ਉਤਪਾਦਕ ਆਪਣੇ ਕੂੜੇ ਦਾ ਕਿਵੇਂ ਨਿਪਟਾਰਾ ਕਰਦੇ ਹਨ, ਪਤਾ ਕਰਨਗੀਆਂ ਅਤੇ ਹਾਰਟੀਕਲਚਰ ਵੇਸਟ ਨੂੰ ਸਹੀ ਢੰਗ ਨਾਲ ਚੁਕਵਾਉਣ ਲਈ ਜ਼ਿੰਮੇਵਾਰ ਰਹਿਣਗੀਆਂ। ਕੰਸਟਰੱਕਸ਼ਨ ਨਾਲ ਸਬੰਧਤ ਮਲਬੇ ਨੂੰ ਪਲਾਂਟ ਤਕ ਪਹੁੰਚਾਉਣਗੀਆਂ ਅਤੇ ਹਰ ਘਰ ਤੇ ਕਮਰਸ਼ੀਅਲ ਸੰਸਥਾ ਨਿਗਮ ਦੇ ਵੇਸਟ ਮੈਨੇਜਮੈਂਟ ਸਿਸਟਮ ਨਾਲ ਜੁੜੇ, ਇਹ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ : ਸੱਤਾ ਧਿਰ ਨੂੰ ਝਟਕਾ : ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਹੀਂ ਬਣ ਸਕਣਗੀਆਂ ਕਰੋੜਾਂ ਰੁਪਏ ਦੀਆਂ ਨਵੀਆਂ ਸੜਕਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।