ਫਾਲਟ ਲੱਭਣ ਆਏ ਨਿਗਮ ਕਰਮਚਾਰੀ ਮਿੱਟੀ ''ਚ ਧਸੇ

Wednesday, Sep 13, 2017 - 11:03 AM (IST)

ਜਲੰਧਰ(ਪਾਹਵਾ)— ਗੁਰੂ ਅਮਰਦਾਸ ਐਕਸਟੈਂਸ਼ਨ ਕਾਲੋਨੀ ਵਿਚ ਨਿੱਜੀ ਟੈਲੀਕਾਮ ਕੰਪਨੀ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਲੋਕਾਂ ਨੂੰ ਹੁਣ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਲੀਕਾਮ ਕੰਪਨੀ ਵੱਲੋਂ ਕਰੀਬ ਚਾਰ ਮਹੀਨੇ ਪਹਿਲਾਂ ਖੇਤਰ ਵਿਚ ਅੰਡਰਗਰਾਊਂਡ ਤਾਰ ਪਾਈ ਗਈ ਸੀ, ਜਿਸ ਕਾਰਨ ਇਲਾਕੇ ਵਿਚ ਸੀਵਰੇਜ ਵਿਵਸਥਾ ਪ੍ਰਭਾਵਿਤ ਹੋ ਗਈ। ਬਿਨਾਂ ਉਚਿਤ ਵਿਵਸਥਾ ਤੋਂ ਤਾਰਾਂ ਪਾਈਆਂ ਗਈਆਂ, ਜਿਸ ਕਾਰਨ ਸੀਵਰੇਜ ਦੀਆਂ ਕਈ ਥਾਵਾਂ ਤੋਂ ਪਾਈਪਾਂ ਟੁੱਟ ਗਈਆਂ ਹਨ।
ਮੰਗਲਵਾਰ ਨੂੰ ਇਸ ਸਬੰਧ ਵਿਚ ਨਿਗਮ ਦੀ ਟੀਮ ਜਦੋਂ ਮੌਕੇ 'ਤੇ ਫਾਲਟ ਲੱਭ ਰਹੀ ਸੀ ਤਾਂ ਉਸ ਸਮੇਂ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਇਸ ਮੁਹਿੰਮ ਦੌਰਾਨ ਨਗਰ ਨਿਗਮ ਦੀ ਟੀਮ ਦੇ ਦੋ ਕਰਮਚਾਰੀਆਂ 'ਤੇ ਮਿੱਟੀ ਦਾ ਵੱਡਾ ਤੋਦਾ ਡਿੱਗ ਗਿਆ, ਜਿਸ ਕਾਰਨ ਉਹ ਮਿੱਟੀ ਵਿਚ ਧੱਸ ਗਏ। ਮੌਕੇ 'ਤੇ ਨਿਗਮ ਦੀ ਟੀਮ ਅਤੇ ਲੋਕਾਂ ਨੇ ਜਲਦੀ ਹੀ ਮਿੱਟੀ ਹਟਾ ਕੇ ਦੋਵਾਂ ਕਰਮਚਾਰੀਆਂ ਨੂੰ ਬਾਹਰ ਕੱਢਿਆ।
ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ, ਵਿਜੇ ਕੰਬੋਜ, ਦਵਿੰਦਰਪਾਲ ਖੰਨਾ, ਠਾਕੁਰ, ਵੀ. ਐੱਲ. ਵਰਮਾ ਆਦਿ ਨੇ ਦੱਸਿਆ ਕਿ ਕਾਫੀ ਮਿਹਨਤ ਤੋਂ ਬਾਅਦ ਨਿਗਮ ਟੀਮ ਨੇ ਫਾਲਟ ਲੱਭਿਆ ਪਰ ਮਿੱਟੀ ਦਾ ਤੋਦਾ ਡਿੱਗਣ ਨਾਲ ਘਟਨਾ ਵਾਪਰ ਗਈ। ਉਨ੍ਹਾਂ ਕਿਹਾ ਕਿ ਕੰਪਨੀ ਦੇ ਠੇਕੇਦਾਰ ਰੋਹਿਤ ਨੂੰ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਉਹ ਮੌਕੇ 'ਤੇ ਨਹੀਂ ਆਇਆ, ਜਦ ਕਿ ਉਨ੍ਹਾਂ ਲੋਕਾਂ ਦੀ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਤਿੰਨ ਮਹੀਨੇ ਤਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸੀਵਰੇਜ ਵਿਵਸਥਾ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਈ ਲੋਕਾਂ ਦੇ ਘਰਾਂ ਵਿਚ ਸੀਵਰੇਜ ਦਾ ਪਾਣੀ ਜਾ ਰਿਹਾ ਸੀ, ਜਿਸ ਕਾਰਨ ਕੁਝ ਮਕਾਨਾਂ ਦੀਆਂ ਨੀਹਾਂ ਵੀ ਕਮਜ਼ੋਰ ਹੋ ਗਈਆਂ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਟੈਲੀਕਾਮ ਕੰਪਨੀ ਖਿਲਾਫ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਅਦਾਲਤ ਵੀ ਜਾ ਰਹੇ ਹਨ। ਇਸ ਦੌਰਾਨ ਵੇਦ ਵਰਿਸ਼ਠ, ਗੋਰਾ ਗਿੱਲ ਆਦਿ ਨੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਨਿਗਮ ਅਤੇ ਪ੍ਰਸ਼ਾਸਨ ਦੇ ਸਾਹਮਣੇ ਉਠਾਉਣ ਦੀ ਗੱਲ ਕੀਤੀ।


Related News