ਨਿਗਮ ਚੋਣਾਂ ਤੋਂ ਪਹਿਲਾਂ ਅਕਾਲੀ ਦਲ ''ਚ ਛਿੜੀ ਸੀਨੀਅਰ-ਜੂਨੀਅਰ ਦੀ ਜੰਗ

12/01/2017 10:03:20 AM

ਜਲੰਧਰ (ਬੁਲੰਦ)—ਇਕ ਪਾਸੇ ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਤਣਾਤਣੀ ਛਿੜੀ ਹੋਈ ਹੈ ਉਥੇ ਅਜੇ ਬਿਨਾਂ ਇਹ ਜਾਣੇ ਕਿ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਹਨ। ਸ਼੍ਰੋਮਣੀ ਅਕਾਲੀ ਦਲ 'ਚ ਅੰਦਰੂਨੀ ਤੌਰ 'ਤੇ ਇਕ ਨਵੀਂ ਹੀ ਜੰਗ ਛਿੜ ਗਈ ਹੈ। ਇਹ ਜੰਗ ਹੈ ਪਾਰਟੀ 'ਚ ਸਟੈਂਡਿੰਗ ਕੌਸਲਰਾਂ ਦੀਆਂ ਸੀਟਾਂ ਬਚਾਉਣ ਦੀ ਜੰਗ।
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਅਕਾਲੀ ਦਲ ਵਿਚ ਨੌਜਵਾਨ ਬ੍ਰਿਗੇਡ ਹਾਵੀ ਹੈ ਤੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਇਨ੍ਹਾਂ ਨਿਗਮ ਚੋਣਾਂ ਵਿਚ ਨੌਜਵਾਨਾਂ ਨੂੰ ਜ਼ਿਆਦਾ ਮੌਕਾ ਮਿਲੇ। ਜਾਣਕਾਰਾਂ ਅਨੁਸਾਰ ਪਾਰਟੀ ਦੇ ਤਕਰੀਬਨ ਦਰਜਨ ਭਰ ਨਵੇਂ ਨੌਜਵਾਨ ਆਗੂ ਇਸ ਬਾਰੇ ਪਾਰਟੀ ਵਿਚ ਹੱਥ ਅਜ਼ਮਾਉਣ ਦੀ ਫਿਰਾਕ ਵਿਚ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਨੂੰ ਜਲੰਧਰ ਵਿਚ ਜੇਕਰ ਇਨ੍ਹਾਂ ਚੋਣਾਂ ਵਿਚ 4 ਸੀਟਾਂ ਮਿਲੀਆਂ ਹਨ ਤਾਂ ਉਸ ਵਿਚ ਨੌਜਵਾਨ ਆਗੂਆਂ ਦਾ ਵੱਡਾ  ਯੋਗਦਾਨ ਰਿਹਾ ਹੈ। ਪਰ ਜਿੱਥੇ ਇਕ ਪਾਸੇ ਨੌਜਵਾਨਾਂ ਵਿਚ ਇਸ ਵਾਰ ਨਿਗਮ ਚੋਣਾਂ ਨੂੰ ਲੈ ਕੇ ਸਰਗਰਮੀ ਵਧੀ ਹੈ ਉਥੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਖਾਸ ਤੌਰ 'ਤੇ ਸਟਂੈਡਿੰਗ ਕੌਂਸਲਰਾਂ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਵਧੀ ਹੈ ਕਿ ਕਿਤੇ ਨੌਜਵਾਨਾਂ ਨੂੰ ਮੌਕਾ ਦੇਣ ਦੇ ਚੱਕਰ ਵਿਚ ਪਾਰਟੀ ਆਪਣੇ ਸੀਨੀਅਰ ਆਗੂਆਂ ਦਾ ਹੀ ਨਾ ਪੱਤਾ ਕੱਟ ਦੇਵੇ। ਇਸ ਬਾਰੇ ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨਾਲ ਗੱਲ ਕਰਨ 'ਤੇ ਉਨ੍ਹਾਂ ਸਾਫ ਕੀਤਾ ਕਿ ਪਾਰਟੀ ਨੂੰ ਵਿਨਿੰਗ ਕੈਂਡੀਡੈਟ ਦੇਖ ਕੇ ਹੀ ਟਿਕਟ ਦੇਣੀ ਚਾਹੀਦੀ ਹੈ। ਜੇਕਰ ਕਿਸੇ ਸਟੈਂਡਿੰਗ ਕੌਂਸਲਰ ਦੀ ਟਿਕਟ ਕੱਟਣੀ ਹੈ ਜਾਂ ਕਿਸੇ ਸੀਨੀਅਰ ਆਗੂ ਨੂੰ ਛੱਡ ਕੇ ਕੁਝ ਸਾਲਾਂ ਜਾਂ ਮਹੀਨਿਆਂ ਤੋਂ ਪਾਰਟੀ ਵਿਚ ਕੰਮ ਕਰ ਰਹੇ ਨੌਜਵਾਨ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ। 
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸੀਨੀਅਰ ਆਗੂਆਂ ਵਿਚ ਤਣਾਅ ਇੰਨਾ ਵਧ ਚੁੱਕਾ ਹੈ ਕਿ ਜੇਕਰ ਕਿਸੇ ਸੀਨੀਅਰ ਆਗੂ ਨੂੰ ਨਜ਼ਰਅੰਦਾਜ਼ ਕਰਕੇ ਨੌਜਵਾਨ ਜਾਂ ਕਿਸੇ ਸਟੈਂਡਿੰਗ ਕੌਂਸਲਰ ਨੂੰ ਛੱਡ ਕੇ ਕਿਸੇ ਨਵੇਂ ਚਿਹਰੇ ਨੂੰ ਟਿਕਟ ਦਿੱਤੀ ਗਈ ਤਾਂ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਵੀ ਕਹਿ ਸਕਦੇ ਹਨ। ਮਾਮਲੇ ਬਾਰੇ ਪਾਰਟੀ ਦੇ ਇਕ ਸਟੈਂਡਿੰਗ ਕੌਂਸਲਰ ਰਹੇ ਆਗੂ ਨੇ ਕਿਹਾ ਕਿ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਤੇ ਆਗੂਆਂ ਨੂੰ ਪਹਿਲ ਦੇ ਆਧਾਰ 'ਤੇ ਟਿਕਟਾਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਪਾਰਟੀ ਲਈ ਲਾ ਦਿੱਤੀ ਹੈ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਪਾਰਟੀ ਵਿਚ ਬਗਾਵਤ ਹੋ ਸਕਦੀ ਹੈ। 
ਮਾਮਲੇ ਬਾਰੇ ਬੀਤੇ ਦਿਨ ਪਾਰਟੀ ਦੀ ਮਹਿਲਾ ਵਿੰਗ ਦੀ ਆਗੂ ਬੀਬੀ ਜਗੀਰ ਕੌਰ ਨੇ ਵੀ ਸਾਫ ਕੀਤਾ ਸੀ ਕਿ ਪਾਰਟੀ ਨਿਗਮ ਚੋਣਾਂ ਵਿਚ ਨੌਜਵਾਨਾਂ ਨੂੰ ਜ਼ਿਆਦਾ ਅੱਗੇ ਲਿਆਵੇਗੀ। ਅਜਿਹਾ ਨਹੀਂ ਹੈ ਕਿਉਂਕਿ ਸਾਨੂੰ ਵਿਨਿੰਗ ਕੈਂਡੀਡੇਟਸ ਚਾਹੀਦੇ ਹਨ, ਜੋ ਪਾਰਟੀ ਨੂੰ ਸੀਟ ਜਿਤਾ ਸਕਣ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਵਿਚ ਅੰਦਰਖਾਤੇ ਸੁਲਗ ਰਹੀ ਸੀਨੀਅਰ-ਜੂਨੀਅਰ ਦੀ ਅੱਗ ਵਿਚੋਂ ਕੀ ਪੱਕ ਕੇ ਨਿਕਲਦਾ ਹੈ।


Related News