ਨਿਗਮ ਕਮਿਸ਼ਨਰ ਵੱਲੋਂ ਫਗਵਾੜਾ ’ਚ ਡੋਰ-ਟੂ-ਡੋਰ ਸੈਗਰੀਗੇਸ਼ਨ ਦੀ ਸ਼ੁਰੂਆਤ
Wednesday, Aug 15, 2018 - 04:09 AM (IST)
ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਮਿਸ਼ਨ ਤੰਦਰੁਸਤ ਪੰਜਾਬ ਤੇ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਬਖਤਾਵਰ ਸਿੰਘ ਨੇ ਫਗਵਾੜਾ ਵਾਸੀਆਂ ਦੀ ਚੰਗੀ ਸਿਹਤ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਪਹਿਲੇ ਪੜਾਅ ’ਚ ਵਾਰਡ ਨੰ. 5 ਦੇ 100 ਘਰਾਂ ਅਤੇ ਵਾਰਡ ਨੰ. 19 ਦੇ 75 ਘਰਾਂ ਵਿਚ ਡੋਰ-ਟੂ-ਡੋਰ ਸੈਗਰੀਗੇਸ਼ਨ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਉਕਤ ਵਾਰਡਾਂ ਦੇ ਵਸਨੀਕਾਂ ਨੂੰ ਕੂੜੇ ਨੂੰ ਵੱਖ-ਵੱਖ ਕਰਨ ਸਬੰਧੀ ਘਰ-ਘਰ ਜਾ ਕੇ ਜਾਗਰੂਕ ਕਰਨ ਉਪਰੰਤ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਡੋਰ-ਟੂ-ਡੋਰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤਹਿਤ ਸਫ਼ਾਈ ਕਰਮਚਾਰੀਆਂ ਵੱਲੋਂ ਘਰਾਂ ’ਚੋਂ ਲਗਭਗ 3 ਕੁਇੰਟਲ ਗਿੱਲਾ ਅਤੇ ਸੁੱਕਾ ਕੂੜਾ ਵੱਖਰੇ-ਵੱਖਰੇ ਤੌਰ ’ਤੇ ਇਕੱਠਾ ਕੀਤਾ ਜਾਂਦਾ ਹੈ, ਜਿਸ ’ਚੋਂ 40 ਫੀਸਦੀ ਕੂੜਾ ਕਿਚਨ ਵੇਸਟ, 30 ਫੀਸਦੀ ਕੂੜਾ ਰੀਸਾਈਕਲ ਵੇਸਟ ਤੇ 30 ਫੀਸਦੀ ਕੂੜਾ ਸਾਲਿਡ ਵੇਸਟ ਦੇ ਰੂਪ ’ਚ ਨਿਕਲਦਾ ਹੈ। ਕਿਚਨ ਵੇਸਟ ਨੂੰ ਨਗਰ ਨਿਗਮ ਵੱਲੋਂ ਬਣਾਈਆਂ ਕੰਪੋਸਟ ਪਿੱਟਾਂ ਵਿਚ ਖਾਦ ਬਣਾਉਣ ਲਈ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਕਮਿਸ਼ਨਰ ਬਖਤਾਵਰ ਸਿੰਘ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਕੂੜਾ-ਮੁਕਤ ਕਰਨ ਲਈ ਅਤੇ ਵਾਤਾਵਰਣ ਦੀ ਸੰਭਾਲ ਲਈ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰੇ-ਵੱਖਰੇ ਤੌਰ ’ਤੇ ਕੂੜੇਦਾਨਾਂ ਵਿਚ ਪਾ ਕੇ ਆਪਣੇ ਇਲਾਕੇ ਦੇ ਸਫ਼ਾਈ ਕਰਮਚਾਰੀ ਨੂੰ ਦਿਓ ਅਤੇ ਖਾਲੀ ਪਲਾਟਾਂ ਵਿਚ ਕੂੜਾ ਨਾ ਸੁੱਟੋ ਤਾਂ ਜੋ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।