ਅੰਮ੍ਰਿਤਸਰ ਹਵਾਈ ਅੱਡੇ ''ਤੇ ਮਿਲੇ ਸ਼ੱਕੀ ਵਿਅਕਤੀ ''ਚ ਕੋਰੋਨਾ ਵਾਇਰਸ ਦੇ ਲੱਛਣ
Thursday, Mar 12, 2020 - 06:33 PM (IST)
ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ 'ਚ ਜਾ ਰਿਹਾ ਹੈ। ਤਾਜ਼ਾ ਮਾਮਲੇ 'ਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੋਰੋਨਾ ਵਾਇਰਸ ਦਾ ਦੂਜੇ ਸ਼ੱਕੀ ਵਿਅਕਤੀ ਦੇ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਸਪਾਈਸ ਜੈੱਟ ਦੀ ਉਡਾਣ ਰਾਹੀਂ ਇਕ ਯਾਤਰੀ 'ਚ ਕੋਰੋਨਾ ਵਾਇਰਸ ਦੇ ਲੱਛਣ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ ਯਾਤਰੀ ਨੂੰ ਸਿਹਤ ਵਿਭਾਗ ਵਲੋਂ 108 ਐਂਬੁਲੈਂਸ ਗੱਡੀ ਰਾਹੀਂ ਅਗਲੇਰੀ ਜਾਂਚ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਡਾਰਕਟਰਾਂ ਵਲੋਂ ਮਰੀਜ਼ ਦੀ ਮੁੱਢਲੀ ਸਿਹਤ ਜਾਂਚ ਕਰਕੇ ਟੈਸਟਿੰਗ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਮਰੀਜ਼ ਦੇ ਬਲੱਡ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਮਰੀਜ਼ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ ► ਜਾਣੋ ਕਿਵੇਂ 103 ਸਾਲਾ ਬਜ਼ੁਰਗ ਮਹਿਲਾ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ
ਕੋਰੋਨਾ ਦਾ ਕਹਿਰ, 101 ਦੇਸ਼ਾਂ 'ਚ ਪਸਾਰੇ ਪੈਰ
ਚੀਨ ਤੋਂ ਸ਼ੁਰੂ ਹੋਇਾਆ ਕੋਰੋਨਾਵਾਇਰਸ ਹੁਣ ਤਕ 101 ਦੇਸ਼ਾਂ 'ਚ ਪੈਰ ਪਸਾਰ ਚੁੱਕਾ ਹੈ। ਹੁਣ ਤਕ 92 ਦੇਸ਼ਾਂ 'ਚ ਇਸ ਦੀ ਪੁਸ਼ਟੀ ਹੋਈ ਹੈ। ਪੰਜਾਬ ਅਤੇ ਕਰਨਾਟਕ 'ਚ ਇਕ ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਮਰੀਜ਼ਾਂ ਦੀ ਗਿਣਤੀ ਸੋਮਵਾਰ ਤਕ 45 ਹੋ ਗਈ ਹੈ। ਜਦਕਿ ਕਰਨਾਟਕ ਵਿਚ ਇਸ ਨਾਲ ਪਹਿਲੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਭਾਰਤ ਨੇ 31 ਮਾਰਚ ਤਕ ਸਾਰੀਆਂ ਵਿਦੇਸ਼ੀ ਛਿੱਪਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਇਸੇ ਤਹਿਤ ਮੰਗਲੌਰ 'ਚ ਇਕ ਯੂਰਪੀਅਨ ਕੰਪਨੀ ਦਾ ਜਹਾਜ਼ ਵਾਪਸ ਭੇਜ ਦਿੱਤਾ ਗਿਆ।
ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੀ ਸਤਰਕ
ਦੁਨੀਆ ਭਰ 'ਚ ਜਿਥੇ ਕੋਰੋਨਾਵਾਇਰਸ ਨਾਲ ਨਿਪਟਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਵਲੋਂ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਿਪਟਣ ਸਿਹਤ ਵਿਭਾਗ ਨੂੰ ਨੇੜਿਓਂ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਹਿਤਿਆਤ ਵਜੋਂ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਹਰੇਕ ਜ਼ਿਲੇ 'ਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਜ਼ਿਲਾ ਪੱਧਰੀ ਰਿਸਪਾਂਸ ਟੀਮਾਂ 24 ਘੰਟੇ ਚੌਕਸ ਰਹਿਣਗੀਆਂ। ਇਸ ਤੋਂ ਇਲਾਵਾ ਹੈੱਡਕੁਆਰਟਰ ਵਿਖੇ ਸੂਬਾ ਪੱਧਰੀ ਕੰਟਰੋਲ ਰੂਮ (ਫੋਨ ਨੰਬਰ 88720-90029/0172-2920074) ਵੀ ਸਥਾਪਤ ਕੀਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਸ਼ਿਕਾਇਤ/ਸੰਕਟ ਆਉਣ 'ਤੇ ਫੌਰੀ ਕਾਰਵਾਈ ਕੀਤੀ ਜਾ ਸਕੇ।
ਚੀਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਦੇਸ਼-ਵਿਦੇਸ਼ ਦੇ ਹਰ ਕੋਨੇ 'ਚ ਤੇਜ਼ੀ ਨਾਲ ਫੈਲ ਚੁੱਕੀ ਹੈ। ਇਸ ਬੀਮਾਰੀ ਦੇ ਸਬੰਧ 'ਚ ਹੁਣ ਪ੍ਰਸ਼ਾਸਨ ਅਤੇ ਸਰਕਾਰਾਂ ਪੂਰੀ ਤਰ੍ਹਾਂ ਨਾਲ ਚੌਕੰਨੀਆਂ ਨਜ਼ਰ ਆ ਰਹੀਆਂ ਹਨ। ਪ੍ਰਸ਼ਾਸਨ ਅਤੇ ਡਾਕਟਰਾਂ ਵਲੋਂ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਕਈ ਤਰ੍ਹਾਂ ਦੇ ਤਰੀਕੇ ਦੱਸੇ ਜਾ ਰਹੇ, ਜਿਵੇਂ ਕਿ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਮੂੰਹ 'ਤੇ ਮਾਸਕ ਪਾ ਕੇ ਰੱਖੋ, ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਨਾ ਚਾਹੀਦਾ ਹੈ। ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਵੀ ਬਚਣਾ ਚਾਹੀਦਾ ਹੈ। ਕੋਰੋਨਾ ਵਾਇਰਸ ਤੋਂ ਬੱਚਣ ਦੇ ਲਈ ਵਰਤੋਂ 'ਚ ਆਉਣ ਵਾਲੇ ਮਾਸਕ ਅਤੇ ਸੈਨੀਟਾਈਜ਼ਰ ਦੀ ਮੰਗ ਕਾਫੀ ਵਧ ਗਈ ਹੈ।
ਇਹ ਵੀ ਪੜ੍ਹੋ ► ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼
ਇਹ ਵੀ ਪੜ੍ਹੋ ► ਮੂੰਹ ਬੋਲੀ ਭੈਣ ਦਾ ਬਚਾਅ ਕਰਨਾ ਭਰਾ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ