ਫਗਵਾੜਾ ’ਚ ਕੋਰੋਨਾ ਨੇ 9 ਦਿਨਾਂ ’ਚ ਨਿਗਲੇ 16 ਲੋਕ, ਬਣੇ ਬਦ ਤੋਂ ਬਦਤਰ ਹਾਲਾਤ

Saturday, May 15, 2021 - 10:46 AM (IST)

ਫਗਵਾੜਾ ’ਚ ਕੋਰੋਨਾ ਨੇ 9 ਦਿਨਾਂ ’ਚ ਨਿਗਲੇ 16 ਲੋਕ, ਬਣੇ ਬਦ ਤੋਂ ਬਦਤਰ ਹਾਲਾਤ

ਫਗਵਾੜਾ (ਜਲੋਟਾ)– ਫਗਵਾੜਾ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਖ਼ਤਰਨਾਕ ਅਤੇ ਜਾਨਲੇਵਾ ਰੂਪ ਧਾਰਨ ਕਰ ਚੁੱਕੇ ਹਨ। ਜ਼ਮੀਨੀ ਪੱਧਰ ’ਤੇ ਬਣੀ ਹੋਈ ਹਕੀਕਤ ਡਰਾਉਣ ਵਾਲੀ ਹੈ। ਹਾਲਤ ਇਹ ਹੈ ਕਿ ਇਥੇ ਦੀਆਂ ਸੰਘਣੀ ਆਬਾਦੀ ਵਾਲੀਆਂ ਬਸਤੀਆਂ, ਗਲੀ-ਮੁਹੱਲਿਆਂ ਅਤੇ ਪਾਸ਼ ਕਾਲੋਨੀਆਂ ’ਚ ਕੋਰੋਨਾ ਪਾਜ਼ੇਟਿਵ ਹੋ ਕੇ ਇਕ ਤੋਂ ਬਾਅਦ ਇਕ ਕਰਕੇ ਕਈ ਮਾਸੂਮ ਜ਼ਿੰਦਗੀਆਂ ਮੌਤ ਦੇ ਮੂੰਹ ’ਚ ਜਾ ਚੁੱਕੀਆਂ ਹਨ ਪਰ ਇੰਨੇ ਭੈੜੇ ਹਾਲਾਤ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹੋਣ ਦੇ ਬਾਅਦ ਵੀ ਜ਼ਿਲ੍ਹਾ ਕਪੂਰਥਲਾ ਅਤੇ ਫਗਵਾੜਾ ਦੇ ਸਿਵਲ ਪ੍ਰਸ਼ਾਸਨ ਨੂੰ ਕਿਸੇ ਵੀ ਪੱਧਰ ’ਤੇ ਚਿੰਤਾ ਹੁੰਦੀ ਨਹੀਂ ਦਿਸ ਰਹੀ ਹੈ? ਜਿਨ੍ਹਾਂ ਦੇ ਘਰਾਂ ’ਚ ਕੋਰੋਨਾ ਦੇ ਕਾਰਨ ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਦਰਦਾਂ ਨਾਲ ਭਰੀਆਂ ਕੌੜੀਆਂ ਸੱਚਾਈਆਂ ਅਤੇ ਦੁੱਖ ਦੇਖ ਰੂਹ ਕੰਬ ਰਹੀ ਹੈ ਪਰ ਇਹ ਆਪਣੇ ਆਪ ’ਚ ਵੱਡੀ ਪਹੇਲੀ ਬਣਿਆ ਹੋਇਆ ਹੈ ਕਿ ਫਗਵਾੜਾ ’ਚ ਹੋ ਰਹੀਆਂ ਲਗਾਤਾਰ ਮੌਤਾਂ ਤੋਂ ਬਾਅਦ ਵੀ ਸਰਕਾਰੀ ਪੱਧਰ ’ਤੇ ਹੋਣ ਵਾਲੀ ਵੱਡੀ ਪਹਿਲ ਕਿਤੇ ਵੀ ਵਿਖਾਈ ਨਹੀਂ ਦੇ ਰਹੀ ਹੈ, ਜਿਸ ਨੂੰ ਲੈ ਕੇ ਕਿਹਾ ਜਾ ਸਕੇ ਕੀ ਹਾਲਾਤ ਜਲਦ ਠੀਕ ਹੋ ਜਾਣਗੇ।

ਇਹ ਵੀ ਪੜ੍ਹੋ: ਖ਼ੌਫ਼ਨਾਕ ਵਾਰਦਾਤ: ਜਲੰਧਰ ਦੇ ਚੁਗਿੱਟੀ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਪਤੀ ਨੇ ਵੱਢੀ ਪਤਨੀ

ਸਬੰਧਤ ਸਰਕਾਰੀ ਮਹਿਕਮਿਆਂ ਦਾ ਸਾਰਾ ਫੋਕਸ ਸਰਕਾਰੀ ਫਾਈਲਾਂ ਦੀ ਸ਼ਾਨ ਵਧਾ ਰਹੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਦੇ ਹੋ ਰਹੇ ਹਵਾ-ਹਵਾਈ ਦਾਅਵਿਆਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਜਦਕਿ ਸਮੇਂ ਦੀ ਇਹ ਮੰਗ ਬਣ ਚੁੱਕਾ ਹੈ ਕਿ ਜੇਕਰ ਹੁਣ ਹੋਰ ਥੋੜ੍ਹੀ ਜਿਹੀ ਵੀ ਹੋਰ ਲਾਪਰਵਾਹੀ ਅਤੇ ਜ਼ਮੀਨੀ ਹਕੀਕਤ ਤੋਂ ਨਜ਼ਰ ਵੱਟ ਕੇ ਕੀਤੀ ਗਈ ਮਾਮੂਲੀ ਗ਼ਲਤੀ ਆਉਣ ਵਾਲੇ ਸਮੇਂ ’ਚ ਬਹੁਤ ਜ਼ਿਆਦਾ ਭਿਆਨਕ ਸਿੱਟੇ ਲੈ ਕੇ ਆਵੇਗੀ। ਫਗਵਾੜਾ ’ਚ ਕੋਰੋਨਾ ਕਿੰਨਾ ਜ਼ਿਆਦਾ ਭਿਆਨਕ ਰੂਪ ਲੈ ਚੁੱਕਿਆ ਹੈ, ਇਸ ਦਾ ਪ੍ਰਤੱਖ ਪ੍ਰਮਾਣ 5 ਮਈ ਤੋਂ 13 ਮਈ ਮਤਲਬ ਸਿਰਫ਼ 9 ਦਿਨਾਂ ਦੇ ਅੰਦਰ ਫਗਵਾੜਾ ਸਬ ਡਿਵੀਜ਼ਨ ’ਚ ਹੋਈਆਂ 16 ਲੋਕਾਂ ਦੀ ਮੌਤ ਤੋਂ ਹੀ ਮਿਲ ਰਿਹਾ ਹੈ। ਇਹ ਗਿਣਤੀ ਫਗਵਾੜਾ ’ਚ ਕੋਰੋਨਾ ਦੇ ਬਣੇ ਹੋਏ ਡਰਾਵਣੇ ਹਾਲਾਤ ਦੀ ਸੱਚਾਈ ਪੇਸ਼ ਕਰ ਰਹੀ ਹੈ। ਬਾਵਜੂਦ ਇਸ ਦੇ ਜ਼ਿਲ੍ਹਾ ਕਪੂਰਥਲਾ ਅਤੇ ਫਗਵਾੜਾ ਦਾ ਸਿਵਲ ਪ੍ਰਸ਼ਾਸਨ ਅਤੇ ਪੁਲਸ ਮਹਿਕਮਾ ਅਜੇ ਵੀ ਸੁਸਤ ਅਤੇ ਲਾਪ੍ਰਵਾਹ ਰਵੱਈਆ ਹੀ ਅਪਣਾ ਰਿਹਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ

ਫਗਵਾੜਾ ਦੇ ਬਾਜ਼ਾਰਾਂ ਅਤੇ ਹੋਰ ਇਲਾਕਿਆਂ ’ਚ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਅੱਧੇ ਸ਼ਟਰ ਸੁੱਟ ਕੇ ਰਸੂਖ਼ਦਾਰ ਲੋਕਾਂ ਦੀ ਮਿਹਰਬਾਨੀ ਸਦਕਾ ਕੁਝ ਦੁਕਾਨਾਂ ਦੇ ਅੰਦਰ ਲੋਕਾਂ ਦੀ ਵੱਡੀ ਗਿਣਤੀ ’ਚ ਭੀੜ ਵੇਖੀ ਜਾ ਸਕਦੀ ਹੈ, ਜਿੱਥੇ ਲੋਕ ਨਾ ਤਾਂ ਸਮਾਜਿਕ ਦੂਰੀ ਦੇ ਨਿਯਮ ਦੀ ਅਤੇ ਨਾ ਹੀ ਗਿਣਤੀ ਨਿਯਮ ਸਬੰਧੀ ਡੀ. ਸੀ. ਕਪੂਰਥਲਾ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦੇ ਵੇਖੇ ਜਾ ਸਕਦੇ ਹਨ। ਹੋਰ ਤਾਂ ਹੋਰ ਲੋਕ ਤਾਂ ਮੂੰਹ ’ਤੇ ਫੇਸ ਮਾਸਕ ਨੂੰ ਪਾਉਣਾ ਵੀ ਲਾਜ਼ਮੀ ਨਹੀਂ ਸਮਝ ਰਹੇ ਹਨ ਅਤੇ ਨਾ ਹੀ ਬਾਜ਼ਾਰਾਂ, ਦੁਕਾਨਾਂ ਆਦਿ ’ਤੇ ਭੀੜ ਜਮ੍ਹਾ ਕਰਨ ਤੋਂ ਬਾਜ ਆ ਰਹੇ ਹਨ।

ਕੋਰੋਨਾ ਟੈਸਟ ਜੋ ਕਾਇਦੇ ਮੁਤਾਬਕ ਇੱਥੇ ਦੇ ਭੀੜ ਵਾਲੇ ਇਲਾਕਿਆਂ ਵਿਚ ਰੁਟੀਨ ’ਚ ਹੋਣੇ ਚਾਹੀਦੇ ਹਨ, ਉੱਥੇ ਸਿਹਤ ਮਹਿਕਮੇ ਦੀਆਂ ਟੀਮਾਂ ਵੇਖਣ ਨੂੰ ਨਹੀਂ ਮਿਲ ਰਹੀਆਂ ਹਨ ਅਤੇ ਜੇਕਰ ਕਿਤੇ ਇਹ ਕੈਂਪ ਲਾਏ ਜਾ ਰਹੇ ਹਨ ਤਾਂ ਉਹ ਇੰਝ ਜਾਪਦਾ ਹੈ ਕਿ ਸਿਰਫ਼ ਵਿਖਾਵੇ ਨੂੰ ਹੀ ਲਗਾ ਕੇ ਕੁਝ ਸਮੇਂ ਬਾਅਦ ਉਥੋਂ ਹਟਾ ਦਿੱਤੇ ਜਾਂਦੇ ਹਨ। ਸੰਘਣੀ ਆਬਾਦੀ ਵਾਲੇ ਇਲਾਕਿਆਂ ਅਤੇ ਇਥੋਂ ਤੱਕ ਕਿ ਕੋਰੋਨਾ ਦਾ ਹੌਟ ਸਪੋਟ ਬਣੇ ਹੋਏ ਭਗਤਪੁਰਾ ਵਰਗੇ ਸਥਾਨਕ ਕੋਰੋਨਾ ਕੰਟੇਨਮੈਂਟ ਜ਼ੋਨ ਐਲਾਨੇ ਗਏ ਇਲਾਕੇ ’ਚ ਵੀ ਸਿਰਫ਼ ਕੁਝ ਸੈਂਕੜਾ ਕੋਰੋਨਾ ਟੈਸਟ ਹੀ ਕੀਤੇ ਗਏ ਹਨ, ਜਦਕਿ ਆਬਾਦੀ ਦੇ ਲਿਹਾਜ਼ ਨਾਲ ਇੱਥੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਰਹਿ ਰਹੇ ਹਨ। ਕੋਰੋਨਾ ਖ਼ਿਲਾਫ਼ ਜੰਗ ਲੜ ਰਹੇ ਮਾਹਿਰ ਡਾਕਟਰਾਂ ਸਣੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਕੋਰੋਨਾ ਨੂੰ ਹਰਾਉਣਾ ਹੈ ਅਤੇ ਸਭ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਕੋਰੋਨਾ ਟੈਸਟ ਕਰਨੇ ਹੋਣਗੇ ਪਰ ਇਹ ਸਰਕਾਰੀ ਦਾਅਵੇ ਫਗਵਾੜਾ ’ਚ ਮੰਨੋ ਤਾਂ ਲਾਗੂ ਹੀ ਨਹੀਂ ਹੁੰਦੇ ਜਾਪ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ’ਚ 24 ਘੰਟਿਆਂ 'ਚ 180 ਪੀੜਤਾਂ ਨੇ ਕੋਰੋਨਾ ਕਾਰਨ ਤੋੜਿਆ ਦਮ, 8 ਹਜ਼ਾਰ ਤੋਂ ਵਧੇਰੇ ਮਿਲੇ ਨਵੇਂ ਮਾਮਲੇ

ਜੇਕਰ ਸਿਹਤ ਮਹਿਕਮੇ ਦੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਉਨ੍ਹਾਂ ਦਾ ਇਹ ਦਾਅਵਾ ਹੁੰਦਾ ਹੈ ਕਿ ਜ਼ਿਲ੍ਹਾ ਕਪੂਰਥਲਾ ’ਚ ਸਭ ਤੋਂ ਜ਼ਿਆਦਾ ਟੈਸਟ ਜੇਕਰ ਕਿਤੇ ਹੋ ਰਹੇ ਹਨ ਤਾਂ ਉਹ ਸਭ ਡਵੀਜ਼ਨ ਫਗਵਾੜਾ ਵਿਖੇ ਹੀ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਦਾਅਵਾ ਹੈ ਕਿ ਫਗਵਾੜਾ ’ਚ ਹਾਲਾਤ ਪੂਰੀ ਤਰ੍ਹਾਂ ਠੀਕ-ਠਾਕ ਚੱਲ ਰਹੇ ਹਨ ਅਤੇ ਸਿਹਤ ਮਹਿਕਮਾ ਹਰ ਪੱਧਰ ’ਤੇ ਇੱਥੇ ਦੇ ਹਰ ਇਲਾਕੇ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਪਰ ਜੇਕਰ ਇਹ ਦਾਅਵੇ ਠੀਕ ਹਨ ਤਾਂ ਫਿਰ ਸਿਰਫ਼ 9 ਦਿਨਾਂ ਦੇ ਅੰਦਰ ਇਕ ਤੋਂ ਬਾਅਦ ਇਕ ਕਰ ਕੇ 16 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੋਈ ਮੌਤ ਅਤੇ ਮੌਤ ਦੀ ਦਰ ਕਿਉਂ ਤੇਜ਼ੀ ਨਾਲ ਵਧ ਰਹੀ ਹੈ? ਜੇਕਰ ਵੱਡੀ ਗਿਣਤੀ ’ਚ ਫਗਵਾੜਾ ਵਿਚ ਕੋਰੋਨਾ ਟੈਸਟ ਹੋ ਰਹੇ ਹਨ ਅਤੇ ਸਰਕਾਰੀ ਪੱਧਰ ’ਤੇ ਕੋਰੋਨਾ ਪਾਜ਼ੇਟਿਵ ਹੋਣ ਵਾਲੇ ਲੋਕਾਂ ਸਬੰਧੀ ਜਾਰੀ ਹੋ ਰਹੀ ਗਿਣਤੀ ’ਚ ਕਮੀ ਆ ਰਹੀ ਹੈ, ਤਾਂ ਕੁਝ ਦਿਨਾਂ ਦੇ ਅੰਦਰ ਹੀ 16 ਲੋਕਾਂ ਦੀ ਮੌਤ ਬਿਨਾਂ ਜ਼ਿਆਦਾ ਕਹੇ ਅਤੇ ਲਿਖੇ ਆਪਣੀ ਦੁੱਖ ਭਰੀ ਸੱਚਾਈ ਖੁਦ ਬਿਆਨ ਕਰਨ ਲਈ ਕੀ ਕਾਫ਼ੀ ਨਹੀਂ ਹੈ?

ਇਹ ਵੀ ਪੜ੍ਹੋ:  ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News