ਪਟਿਆਲਾ ਜ਼ਿਲੇ 'ਚੋਂ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਇਆ ਸਾਹਮਣੇ

Monday, May 11, 2020 - 09:19 PM (IST)

ਪਟਿਆਲਾ (ਜ. ਬ.)— ਪਟਿਆਲਾ ਜ਼ਿਲੇ ਦੇ ਰਾਜਪੁਰਾ 'ਚ ਇਕ ਹੋਰ ਕੋਰੋਨਾ ਦਾ ਪਾਜ਼ੇਟਿਵ ਕੇਸ ਪਾਇਆ ਗਿਆ ਹੈ, ਜਿਸ ਨਾਲ ਹੁਣ ਜ਼ਿਲੇ 'ਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 102 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦੀ ਆਦਰਸ਼ ਕਲੋਨੀ ਦੀ 52 ਸਾਲਾ ਔਰਤ, ਜੋ ਕਿ ਕਿਸੇ ਬੀਮਾਰੀ ਕਾਰਨ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਹੈ ਅਤੇ ਜਿਸ ਦਾ ਕੋਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਸ ਦੀ ਸੂਚਨਾ ਸਿਵਲ ਸਰਜਨ ਲੁਧਿਆਣਾ ਤੋਂ ਸਿਵਲ ਸਰਜਨ ਪਟਿਆਲਾ ਨੂੰ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਈ ਔਰਤ ਦੇ ਨੇੜੇ ਦੇ ਸੰਪਰਕਾਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਦੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਜਾਣਗੇ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਰੋਨਾ ਜਾਂਚ ਸਬੰਧੀ ਲੈਬ ਤੋਂ ਪ੍ਰਾਪਤ ਹੋਈਆਂ 32 ਸੈਂਪਲਾਂ ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਹਨ ਅਤੇ ਇਕ ਦੀ ਰਿਪੋਰਟ ਆਉਣੀ ਬਾਕੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸਟੇਟ ਬੈਂਕ ਆਫ ਇੰਡੀਆ ਦੀਆਂ ਕਿਲਾ ਚੌਕ ਅਤੇ ਵਾਈ. ਪੀ. ਐੱਸ. ਬਰਾਂਚਾਂ ਦੇ ਮੁਲਾਜ਼ਮਾਂ ਦੀਆਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਉਣ 'ਤੇ ਸਬੰਧਤ ਬੈਂਕ ਬਰਾਂਚਾਂ ਖੋਲ੍ਹਣ ਲਈ ਸਲਾਹ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲੇ 'ਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 109 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ ਜਿਆਦਾਤਰ ਬਾਹਰੋਂ ਆ ਰਹੇ ਯਾਤਰੀਆਂ/ਲੇਬਰ ਅਤੇ ਫਲੂ ਕਾਰਨਰਾਂ ਤੋਂ ਲਏ ਗਏ ਸੈਂਪਲ ਸ਼ਾਮਲ ਹਨ, ਜਿਨ੍ਹਾਂ ਦੀ ਰਿਪੋਰਟ ਕੱਲ ਆਏਗੀ। ਉੁਨ੍ਹਾਂ ਦੱਸਿਆ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਰੋਨਾ ਪਾਜ਼ੇਟਿਵ ਵਿਅਕਤੀ ਠੀਕ-ਠਾਕ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤਕ ਕੋਰੋਨਾ ਸਬੰਧੀ 1771 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 102 ਪਾਜ਼ੀਟਿਵ ਹਨ, ਜੋ ਕਿ ਜ਼ਿਲਾ ਪਟਿਆਲਾ ਨਾਲ ਸਬੰਧਤ ਹਨ, 1552 ਨੈਗਟਿਵ ਅਤੇ 117 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪਾਜ਼ੀਟਿਵ ਕੇਸਾਂ ਵਿਚੋਂ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 18 ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 82 ਹੈ।


shivani attri

Content Editor

Related News