ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭਿਆਨਕ ਰੂਪ: 19 ਦਿਨਾਂ ’ਚ 26 ਨੌਜਵਾਨਾਂ ਦੀ ਗਈ ਜਾਨ

Thursday, May 20, 2021 - 11:26 AM (IST)

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭਿਆਨਕ ਰੂਪ: 19 ਦਿਨਾਂ ’ਚ 26 ਨੌਜਵਾਨਾਂ ਦੀ ਗਈ ਜਾਨ

ਜਲੰਧਰ (ਰੱਤਾ)— ਪੂਰੀ ਦੁਨੀਆ ’ਚ ਤਬਾਹੀ ਮਚਾਉਣ ਵਾਲਾ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਅਜੇ ਵੀ ਰੁਕਦਾ ਵਿਖਾਈ ਨਹੀਂ ਦੇ ਰਿਹਾ ਹੈ। ਇਸ ਮਹੀਨੇ ’ਚ ਹੁਣ ਤੱਕ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੇ ਕਾਰਨ 26 ਨੌਜਵਾਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ 1 ਮਈ ਤੋਂ ਲੈ ਕੇ 19 ਮਈ ਤੱਕ ਜ਼ਿਲ੍ਹੇ ’ਚ ਜਿਹੜੇ 192 ਕੋਰੋਨਾ ਪਾਜ਼ੇਟਿਵ ਰੋਗੀਆਂ ਨੇ ਦਮ ਤੋੜਿਆ, ਉਨ੍ਹਾਂ ’ਚੋੋਂ 26 ਮਰੀਜ਼ਾਂ ਦੀ ਉਮਰ ਸਿਰਫ਼ 22 ਤੋਂ ਲੈ ਕੇ 40 ਸਾਲ ਤੱਕ ਸੀ। 

ਇਹ ਵੀ ਪੜ੍ਹੋ:  ਪੰਜਾਬ ਵਿਧਾਨ ਸਭਾ ਚੋਣਾਂ 2022 : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਹਮਣੇ ਹਨ ਕਈ ਚੁਣੌਤੀਆਂ

ਕੋਰੋਨਾ ਵੈਕਸੀਨ : ‘ਇਕ ਅਨਾਰ, ਸੌ ਬੀਮਾਰ’ ਵਾਲੀ ਬਣੀ ਹੋਈ ਹੈ ਸਥਿਤੀ
ਕੋਰੋਨਾ ’ਤੇ ਕਾਬੂ ਪਾਉਣ ਲਈ ਇਕ ਪਾਸੇ ਜਿੱਥੇ ਭਾਰਤ ਅਤੇ ਸੂਬਾ ਸਰਕਾਰਾਂ ਇਸ ਗੱਲ ’ਤੇ ਜ਼ੋਰ ਦੇ ਰਹੀਆਂ ਹਨ ਕਿ ਯੋਗ ਵਿਅਕਤੀ ਟੀਕਾ ਜ਼ਰੂਰ ਲਗਵਾਏ, ਜਦਕਿ ਇਨ੍ਹੀਂ ਦਿਨੀਂ ਅਸਲ ਵਿਚ ਸਥਿਤੀ ‘ਇਕ ਅਨਾਰ, ਸੌ ਬੀਮਾਰ’ ਵਾਲੀ ਬਣੀ ਹੋਈ ਹੈ। ਲੋਕ ਟੀਕਾ ਲਗਾਉਣ ਲਈ ਤਿਆਰ ਤਾਂ ਹਨ ਪਰ ਵੈਕਸੀਨ ਹੀ ਲੋੜੀਂਦੀ ਮਾਤਰਾ ਵਿਚ ਉਪਲੱਬਧ ਨਹੀਂ ਹੈ। ਅਜਿਹੇ ਵਿਚ ਲੋਕ ਟੀਕਾ ਕਿਥੋਂ ਲਗਾਉਣ।
ਇਥੇ ਹੀ ਬਸ ਨਹੀਂ, ਜੇਕਰ ਕਦੀ-ਕਦਾਈਂ ਸਿਹਤ ਵਿਭਾਗ ਕੋਲ ਵੈਕਸੀਨ ਆ ਵੀ ਜਾਵੇ ਤਾਂ ਜਿੱਥੇ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੁੰਦਾ ਹੈ, ਉਸ ਜਗ੍ਹਾ ਇੰਨੀ ਭੀੜ ਹੁੰਦੀ ਹੈ ਕਿ ਉਥੋਂ ਵੈਕਸੀਨ ਲੁਆ ਕੇ ਨਿਕਲਣ ਵਾਲਾ ਹਰ ਵਿਅਕਤੀ ਇਹੀ ਸੋਚਦਾ ਹੈ ਕਿ ਉਸਨੇ ਬਹੁਤ ਵੱਡੀ ਜੰਗ ਜਿੱਤ ਲਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਸੱਚਮੁੱਚ ਵੈਕਸੀਨੇਸ਼ਨ ਦਾ ਕੰਮ ਸ਼ਤ ਪ੍ਰਤੀਸ਼ਤ ਕਰਨਾ ਚਾਹੁੰਦੀ ਹੈ ਤਾਂ ਉਹ ਲੋੜੀਂਦੀ ਮਾਤਰਾ ਵਿਚ ਵੈਕਸੀਨ ਵੀ ਉਪਲੱਬਧ ਕਰਵਾਏ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

661 ਪਾਜ਼ੇਟਿਵ ਮਰੀਜ਼ਾਂ ਵਿਚੋਂ 71 ਦੀ ਉਮਰ 20 ਸਾਲ ਤੱਕ
ਕੋਰੋਨਾ ਨੂੰ ਲੈ ਕੇ ਲੋਕ ਭਾਵੇਂ ਅਜੇ ਵੀ ਗੰਭੀਰ ਨਹੀਂ ਹਨ ਪਰ ਅਸਲੀਅਤ ਇਹ ਹੈ ਕਿ ਇਹ ਵਾਇਰਸ ਕਿਸੇ ਵੀ ਉਮਰ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਸ ਵਾਇਰਸ ਕਾਰਨ ਜਿੱਥੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਉਥੇ ਹੀ ਨਵ-ਜਨਮੇ ਅਤੇ ਛੋਟੇ ਬੱਚੇ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ ਜੋ 661 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ 71 ਮਰੀਜ਼ਾਂ ਦੀ ਉਮਰ 20 ਸਾਲ ਤੱਕ ਹੈ। ਇਨ੍ਹਾਂ 71 ਮਰੀਜ਼ਾਂ ਵਿਚ 15 ਸਾਲ ਤੋਂ ਘੱਟ ਦੇ 31 ਅਤੇ 16 ਤੋਂ 20 ਸਾਲ ਤੱਕ ਦੇ 40 ਮਰੀਜ਼ ਸ਼ਾਮਲ ਹਨ।

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

6521 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 592 ਹੋਰ ਹੋਏ ਰਿਕਵਰ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 6521 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ। ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 592 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4273 ਹੋਰ ਲੋਕਾਂ ਦੇ ਸੈਂਪਲ ਲਏ।

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1006069
ਨੈਗੇਟਿਵ ਆਏ-895445
ਪਾਜ਼ੇਟਿਵ ਆਏ-55532
ਡਿਸਚਾਰਜ ਹੋਏ ਰੋਗੀ-48815
ਮੌਤਾਂ ਹੋਈਆਂ-1274
ਐਕਟਿਵ ਕੇਸ-5443

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News