ਜਲੰਧਰ: ਪਹਿਲਾਂ ਲਗਭਗ 100 ਦਿਨਾਂ ’ਚ ਮਿਲੇ ਸਨ 728 ਕੇਸ, ਹੁਣ ਇਕ ਹੀ ਦਿਨ ’ਚ 725 ਦੀ ਰਿਪੋਰਟ ਮਿਲੀ ਪਾਜ਼ੇਟਿਵ

Monday, May 03, 2021 - 10:30 AM (IST)

ਜਲੰਧਰ: ਪਹਿਲਾਂ ਲਗਭਗ 100 ਦਿਨਾਂ ’ਚ ਮਿਲੇ ਸਨ 728 ਕੇਸ, ਹੁਣ ਇਕ ਹੀ ਦਿਨ ’ਚ 725 ਦੀ ਰਿਪੋਰਟ ਮਿਲੀ ਪਾਜ਼ੇਟਿਵ

ਜਲੰਧਰ (ਰੱਤਾ)–ਇਨ੍ਹੀਂ ਦਿਨੀਂ ਜ਼ਿਲੇ ’ਚ ਕੋਰੋਨਾ ਨੇ ਕਿੰਨੀ ਰਫ਼ਤਾਰ ਫੜੀ ਹੋਈ ਹੈ, ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਲਗਭਗ 100 ਦਿਨਾਂ ’ਚ 728 ਪਾਜ਼ੇਟਿਵ ਕੇਸ ਮਿਲੇ ਸਨ ਅਤੇ ਹੁਣ ਇਕ ਹੀ ਦਿਨ ’ਚ 725 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਕਿ ਜੋ ਕਿ ਲੋਕਾਂ ਦੀ ਲਾਪ੍ਰਵਾਹੀ ਦਾ ਨਤੀਜਾ ਵੀ ਹੈ। ਜ਼ਿਲੇ ’ਚ 8 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਦਮ ਵੀ ਤੋੜ ਦਿੱਤਾ।

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਪਹਿਲੀ ਵਾਰ ਇਕੱਠੀ 737 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ ਸਿਰਫ 12 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 725 ਮਰੀਜ਼ਾਂ ’ਚ ਦੋ ਡਾਕਟਰ, 10 ਮਹੀਨਿਆਂ ਦਾ ਬੱਚਾ ਅਤੇ ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ

ਬਾਕੀ ਪਾਜ਼ੇਟਿਵ ਮਰੀਜ਼ਾਂ ’ਚੋਂ ਵਧੇਰੇ ਸ਼ਿਵ ਨਗਰ, ਆਬਾਦਪੁਰਾ, ਇੰਡਸਟਰੀਅਲ ਏਰੀਆ, ਅਰਜੁਨ ਨਗਰ, ਸ਼ਾਹਕੋਟ, ਨੂਰਮਹਿਲ, ਫਿਲੌਰ, ਨਕੋਦਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਗੁਰੂ ਰਵਿਦਾਸ ਨਗਰ, ਅਸ਼ੋਕ ਨਗਰ, ਐੱਫ. ਸੀ. ਆਈ. ਕਾਲੋਨੀ, ਭਾਰਗੋ ਕੈਂਪ, ਸੀ. ਆਰ. ਪੀ. ਐੱਫ. ਕੈਂਪਸ, ਈਸ਼ਵਰ ਨਗਰ, ਬਸਤੀ ਬਾਵਾ ਖੇਲ, ਗੁਰੂ ਗੋਬਿੰਦ ਸਿੰਘ ਐਵੀਨਿਊ, ਪੱਕਾ ਬਾਗ, ਨਿਜਾਤਮ ਨਗਰ, ਏਕਤਾ ਨਗਰ, ਕਾਲੀਆ ਕਾਲੋਨੀ, ਨਿਊ ਰਾਜਾ ਗਾਰਡਨ, ਨਿਊ ਮਾਡਲ ਹਾਊਸ, ਦਿਲਬਾਗ ਨਗਰ, ਬੈਂਕ ਐਨਕਲੇਵ, ਸੰਤੋਸ਼ੀ ਨਗਰ, ਦਾਦਾ ਕਾਲੋਨੀ, ਗਲੋਬ ਕਾਲੋਨੀ, ਸੰਤੋਖਪੁਰਾ, ਲੱਧੇਵਾਲੀ, ਨਿਊ ਈਸ਼ਵਰਪੁਰੀ ਕਾਲੋਨੀ, ਰੇਲਵੇ ਕਾਲੋਨੀ, ਛੋਟੀ ਬਾਰਾਦਰੀ, ਵਿਜੇ ਨਗਰ, ਕੋਟ ਪਕਸ਼ੀਆਂ, ਗੁਰੂ ਗੋਬਿੰਦ ਸਿੰਘ ਐਵੇਨਿਊ, ਮਾਡਲ ਟਾਊਨ, ਲਾਜਪਤ ਨਗਰ, ਜਲੰਧਰ ਕੈਂਟ ਅਤੇ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ।

ਸਿਹਤ ਮਹਿਕਮੇ ਦੀ ਲਾਪ੍ਰਵਾਹੀ ਨਾਲ ਸ਼ਹਿਰ ’ਚ ਘੁੰਮ ਰਹੇ ਨੇ ਕਈ ਕੋਰੋਨਾ ਪਾਜ਼ੇਟਿਵ 
ਇਨ੍ਹੀਂ ਦਿਨੀਂ ਕੋਰੋਨਾ ਜਿੱਥੇ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ, ਉਥੇ ਹੀ ਇਸ ਗੱਲ ਦੀ ਵੀ ਲੋੜ ਹੈ ਕਿ ਲੋਕ ਆਪਣਾ ਧਿਆਨ ਖੁਦ ਰੱਖਣ ਕਿਉਂਕਿ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਸ਼ਹਿਰ ’ਚ ਕਈ ਕੋਰੋਨਾ ਪਾਜ਼ੇਟਿਵ ਸ਼ਰੇਆਮ ਘੁੰਮ ਰਹੇ ਹਨ।
ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਕਈ ਲੋਕ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਆਪਣਾ ਸੈਂਪਲ ਦੇਣ ਤੋਂ ਬਾਅਦ ਘਰ ’ਚ ਬੈਠਣ ਦੀ ਬਜਾਏ ਇਧਰ-ਓਧਰ ਘੁੰਮਦੇ ਰਹਿੰਦੇ ਹਨ, ਉਥੇ ਹੀ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਜਾਂਦੀ ਹੈ, ਸਿਹਤ ਵਿਭਾਗ ਉਨ੍ਹਾਂ ਨਾਲ ਤਤਕਾਲ ਤੌਰ ’ਤੇ ਸੰਪਰਕ ਨਹੀਂ ਕਰਦਾ। ਅਜਿਹੇ ਪਾਜ਼ੇਟਿਵ ਮਰੀਜ਼ ਵੀ ਸ਼ਰੇਆਮ ਇਧਰ-ਓਧਰ ਘੁੰਮਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਡੀ. ਸੀ. ਨੇ ਕੋਵਿਡ ਮਰੀਜ਼ਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ, ਪ੍ਰਾਈਵੇਟ ਐਂਬੂਲੈਂਸਾਂ ਦੀ ਸਰਵਿਸ ਦੇ ਰੇਟ ਕੀਤੇ ਨਿਰਧਾਰਿਤ
ਸਿਹਤ ਮਹਿਕਮੇ ਵੱਲੋਂ ਐਤਵਾਰ ਨੂੰ ਕੋਰੋਨਾ ਸਬੰਧੀ ਮੀਡੀਆ ਦੇ ਨਾਂ ਜੋ ਰਿਪੋਰਟ ਜਾਰੀ ਕੀਤੀ ਗਈ, ਉਸ ’ਚ ਸਾਫ ਲਿਖਿਆ ਹੈ ਕਿ 340 ਪਾਜ਼ੇਟਿਵ ਮਰੀਜ਼ਾਂ ਨੂੰ ਵਿਭਾਗ ਨੇ ਅਜੇ ਟਰੇਸ ਕਰਨਾ ਹੈ ਅਤੇ 736 ਨਾਲ ਸੰਪਰਕ ਕਰਨਾ ਹੈ।

ਇਨ੍ਹਾਂ ਨੇ ਤੋੜਿਆ ਦਮ
40 ਸਾਲਾ ਪੂਜਾ
48 ਸਾਲਾ ਪੱਪੀ
48 ਸਾਲਾ ਪਰਮਜੀਤ ਕੌਰ
50 ਸਾਲਾ ਚਰਨ ਦਾਸ
55 ਸਾਲਾ ਹਰਕੀਰਤ ਸਿੰਘ
56 ਸਾਲਾ ਮੰਦੱਤਾ ਸਿੰਘ
63 ਸਾਲਾ ਸੁਰਿੰਦਰ ਕੁਮਾਰ
70 ਸਾਲਾ ਕਮਲ

5571 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 448 ਹੋਰ ਹੋਏ ਰਿਕਵਰ
ਓਧਰ ਸਿਹਤ ਵਿਭਾਗ ਨੂੰ ਐਤਵਾਰ 5571 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 448 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4749 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਆਕਸੀਜਨ ਤੇ ਬੈੱਡ ਦੀ ਕਿੱਲਤ ਕਾਰਨ ਮਰੀਜ਼ ਪੰਜਾਬ ਵੱਲ ਕਰ ਰਹੇ ਕੂਚ, ਕਈ ਹਸਪਤਾਲਾਂ ’ਚ ਚੱਲ ਰਿਹੈ ਇਲਾਜ

ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ : 922604
ਨੈਗੇਟਿਵ ਆਏ : 826321
ਪਾਜ਼ੇਟਿਵ ਆਏ : 44209
ਡਿਸਚਾਰਜ ਹੋਏ : 38381
ਮੌਤਾਂ ਹੋਈਆਂ : 1098
ਐਕਟਿਵ ਕੇਸ : 4730

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News