ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 250 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ

9/18/2020 6:16:51 PM

ਜਲੰਧਰ (ਰੱਤਾ) — ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਵੀ ਆਪਣਾ ਭਿਆਨਕ ਰੂਪ ਵਿਖਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਵੱਡੀ ਗਿਣਤੀ 'ਚ ਕੋਰੋਨਾ ਦੇ ਕਾਰਨ ਇਲਾਜ ਅਧੀਨ ਚੱਲ ਰਹੇ ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਰਹੇ ਹਨ। ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਜਲੰਧਰ ਦੇ ਹਾਲਾਤ ਬੇਹੱਦ ਮਾੜੇ ਹੁੰਦੇ ਜਾ ਰਹੇ ਹਨ। ਇਥੇ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ।

ਜ਼ਿਲ੍ਹਾ ਜਲੰਧਰ 'ਚੋਂ ਸ਼ੁੱਕਰਵਾਰ ਕੋਰੋਨਾ ਦੇ 267 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਕਾਰਨ 11 ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਮਿਲੀ ਹੈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ੁੱਕਰਵਾਰ 312 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 45 ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਜਿਹੜੇ 267 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ, ਉਨ੍ਹਾਂ 'ਚ ਡਾਕਟਰ, ਕੁਝ ਫੈਕਟਰੀਆਂ ਦੇ ਕਰਮਚਾਰੀ ਅਤੇ 20 ਤੋਂ ਵੱਧ ਪੁਲਸ ਮੁਲਾਜ਼ਮ ਸ਼ਾਮਲ ਹਨ। ਡਾ. ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 25 ਸਾਲਾ ਨੌਜਵਾਨ ਸਮੇਤ 11 ਵਿਅਕਤੀਆਂ ਨੇ ਕੋਰੋਨਾ ਨਾਲ ਲੜਦਿਆਂ ਦਮ ਤੋੜ ਦਿੱਤਾ। ਇਨ੍ਹਾਂ ਵਿਚੋਂ ਵਧੇਰੇ ਸ਼ੂਗਰ, ਬਲੱਡ ਪ੍ਰੈਸ਼ਰ ਸਮੇਤ ਕਈ ਹੋਰ ਬੀਮਾਰੀਆਂ ਨਾਲ ਪੀੜਤ ਸਨ।

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਬਲਵੰਤ ਸਿੰਘ (80) ਪਿੰਡ ਧਾਲੀਵਾਲ ਨਕੋਦਰ
2. ਕਮਲੇਸ਼ ਕੁਮਾਰੀ (64) ਮਾਡਲ ਹਾਊਸ
3. ਰਮੇਸ਼ ਕੁਮਾਰ (55) ਨਿਊ ਅਮਨ ਨਗਰ ਮਾਡਲ ਹਾਊਸ
4. ਸੁਖਵਿੰਦਰ (54) ਹਿਮਾਚਲ ਕਾਲੋਨੀ ਲੱਧੇਵਾਲੀ
5. ਕ੍ਰਿਸ਼ਨਾ ਦੇਵੀ (85) ਨਿਊ ਵਿਜੇ ਨਗਰ
6. ਹਰਪ੍ਰੀਤ (25) ਪਿੰਡ ਕੇਮਵਾਲੀ ਨੂਰਮਹਿਲ
7. ਅਲੀ ਮੁਹੰਮਦ (84) ਫਿਲੌਰ
8. ਅਸ਼ਵਨੀ (57) ਫਿਲੌਰ
9. ਰੀਨਾ ਦੇਵੀ (38) ਗੁਰੂ ਨਾਨਕਪੁਰਾ ਵੈਸਟ
10. ਅਨੀਤਾ (52) ਸ਼ਿਵਾਜੀ ਨਗਰ
11. ਆਸਾ ਰਾਮ (58) ਗੁਰਾਇਆ
 

ਵੀਰਵਾਰ ਨੂੰ 2961 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 208 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 2961 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 208 ਨੂੰ ਛੁੱਟੀ ਦੇ ਦਿੱਤੀ ਗਈ ਸੀ। ਮਹਿਕਮੇ ਨੇ 2986 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਬੀਬੀ ਬਾਦਲ ਦੇ ਅਸਤੀਫ਼ੇ 'ਤੇ ਢੀਂਡਸਾ ਦਾ ਤੰਜ, ਕਿਹਾ-ਚੀਚੀ 'ਤੇ ਖੂਨ ਲਗਾ ਕੇ ਕੋਈ ਸ਼ਹੀਦ ਨਹੀਂ ਬਣਦਾ

ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ ਅਤੇ ਹੁਣ ਤੱਕ 301 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਮੌਤਾਂ ਦਾ ਗ੍ਰਾਫ ਵਧਣ ਅਤੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਹੋ ਰਹੇ ਵਾਧੇ ਵਿਚਕਾਰ ਕੋਰੋਨਾ ਪੀੜਤ ਮਰੀਜ਼ਾਂ ਦਾ ਸਿਵਲ ਹਸਪਤਾਲ ਵਿਚ ਇਲਾਜ ਦਿਵਾਉਣ ਤੋਂ ਭਰੋਸਾ ਡਗਮਗਾਉਂਦਾ ਨਜ਼ਰ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਜ਼ਿਲ੍ਹੇ 'ਚ 2404 ਮਰੀਜ਼ ਕੋਰੋਨਾ ਇਨਫੈਕਟਿਡ ਹਨ, ਜਿਨ੍ਹਾਂ 'ਚੋਂ 1724 ਆਪਣੇ ਘਰਾਂ ਵਿਚ ਆਈਸੋਲੇਟਿਡ ਹਨ, ਜੋ ਕਿ ਕੁੱਲ ਮਰੀਜ਼ਾਂ ਦਾ ਲਗਭਗ 72 ਫੀਸਦੀ ਹੈ। 17 ਸਤੰਬਰ ਨੂੰ ਸਿਵਲ ਹਸਪਤਾਲ ਵਿਚ ਸਿਰਫ 90 ਅਤੇ ਮੈਰੀਟੋਰੀਅਸ ਸਕੂਲ ਵਿਚ 41 ਮਰੀਜ਼ ਦਾਖ਼ਲ ਸਨ, ਜੋ ਕਿ ਕੁੱਲ ਮਰੀਜ਼ਾਂ ਦਾ ਸਿਰਫ 5.5 ਫੀਸਦੀ ਹੈ, ਜਿਨ੍ਹਾਂ ਨੇ ਸਿਵਲ ਹਸਪਤਾਲ ਦੇ ਇਲਾਜ 'ਤੇ ਭਰੋਸਾ ਜਤਾਇਆ ਹੈ ਅਤੇ 17 ਫੀਸਦੀ ਦੇ ਲਗਭਗ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ। ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਸਮੇਂ 415 ਮਰੀਜ਼ ਦਾਖਲ ਹਨ।

ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼

ਸਿਵਲ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਲਈ ਬੈੱਡਾਂ ਦੀ ਉਪਲੱਬਧਤਾ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਵੇਟ ਹਸਪਤਾਲਾਂ ਵਿਚ ਲੈਵਲ-2 ਦੇ 545 ਅਤੇ ਲੈਵਲ-3 ਦੇ 243 ਅਤੇ ਵੈਂਟੀਲੇਟਰ ਵਿਚ 100 ਉਪਲੱਬਧ ਹਨ। ਪ੍ਰਾਈਵੇਟ ਹਸਪਤਾਲਾਂ 'ਚ ਲੈਵਲ-2 ਦੇ 289 ਅਤੇ ਲੈਵਲ-3 ਦੇ 126 ਮਰੀਜ਼ ਦਾਖਲ ਹਨ, ਜਦੋਂ ਕਿ 34 ਮਰੀਜ਼ ਵੈਂਟੀਲੇਟਰ 'ਤੇ ਹਨ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਲੈਵਲ-2 ਦੇ ਮਰੀਜ਼ਾਂ ਲਈ ਉਪਲੱਬਧ 284 ਬੈੱਡਾਂ 'ਤੇ 78 ਮਰੀਜ਼ ਦਾਖਲ ਹਨ ਅਤੇ ਲੈਵਲ-3 ਲਈ ਉਪਲੱਬਧ 56 ਬੈੱਡਾਂ 'ਤੇ 34 ਮਰੀਜ਼ ਦਾਖ਼ਲ ਹਨ, ਜਦੋਂ ਕਿ ਵੈਂਟੀਲੇਟਰਸ ਦੀ ਉਪਲੱਬਧਤਾ 10 ਅਤੇ ਦਾਖਲ ਮਰੀਜ਼ 7 ਦੱਸੇ ਜਾ ਰਹੇ ਹਨ। ਮੌਜੂਦਾ ਸਥਿਤੀ ਮੁਤਾਬਕ ਸਿਵਲ ਹਸਪਤਾਲ 'ਚ 206 ਬੈੱਡ ਲੈਵਲ-2 ਅਤੇ 22 ਬੈੱਡ ਲੈਵਲ-3 ਦੇ ਖਾਲੀ ਹੋਣ ਦੇ ਨਾਲ 3 ਵੈਂਟੀਲੇਟਰ ਕੋਰੋਨਾ ਮਰੀਜ਼ਾਂ ਲਈ ਖਾਲੀ ਹਨ।

ਇਹ ਵੀ ਪੜ੍ਹੋ: ਬੀਬੀ ਬਾਦਲ ਦੇ ਅਸਤੀਫ਼ੇ 'ਤੇ ਜਾਣੋ ਕੀ ਬੋਲੇ 'ਆਪ' ਵਿਧਾਇਕ ਜੈਕਿਸ਼ਨ ਰੋੜੀ 

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-135914
ਨੈਗੇਟਿਵ ਆਏ-120626
ਪਾਜ਼ੇਟਿਵ ਆਏ-10931
ਡਿਸਚਾਰਜ ਹੋਏ-8144
ਮੌਤਾਂ ਹੋਈਆਂ-301
ਐਕਟਿਵ ਕੇਸ-2484

ਪੰਜਾਬ 'ਚ ਕੋਰੋਨਾ ਦੀ ਸਥਿਤੀ

ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਪੂਰੇ ਪੰਜਾਬ 'ਚ ਕੋਰੋਨਾ ਵਾਇਰਸ ਦਾ ਅੰਕੜਾ 89 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਕੋਰੋਨਾ ਕਾਰਨ ਪੰਜਾਬ 'ਚ ਮੌਤਾਂ ਦਾ ਅੰਕੜਾ 2600 ਤੋਂ ਪਾਰ ਹੋ ਚੁੱਕਾ ਹੈ। ਇਥੇ ਦੱਸ ਦੇਈਏ ਕਿ ਪੰਜਾਬ 'ਚ ਹੁਣ ਤੱਕ 65 ਹਜ਼ਾਰ ਤੋਂ ਵਧੇਰੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਐਕਟਿਵ ਕੇਸਾਂ ਦੀ ਗਿਣਤੀ 21 ਹਜ਼ਾਰ ਤੋਂ ਉੱਪਰ ਹੈ।

ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ


shivani attri

Content Editor shivani attri