ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਮੁੜ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ

08/02/2020 1:14:17 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰ ਚੁੱਕਿਆ ਹੈ। ਐਤਵਾਰ ਨੂੰ ਫਿਰ ਤੋਂ ਵੱਡੀ ਗਿਣਤੀ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ 'ਚ ਐਤਵਾਰ ਨੂੰ 83 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਥੇ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ ਕੁੱਲ 87 ਕੇਸ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ 'ਚ ਭਾਰਤੀ ਸਟੇਟ ਬੈਂਕ ਦੇ ਖੇਤਰੀ ਵਪਾਰਕ ਦਫ਼ਤਰ ਦੇ ਚੀਫ ਮੈਨੇਜਰ ਸਮੇਤ 13 ਸਾਫ ਮੈਂਬਰ ਪਾਜ਼ੇਟਿਵ ਆਏ ਸਨ। ਇਸ ਦੇ ਨਾਲ ਹੀ ਸ਼ਨੀਵਾਰ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ ਹੋਈਆਂ ਸਨ। ਅੱਜ ਦੇ ਮਿਲੇ 83 ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2497 ਤੱਕ ਪਹੁੰਚ ਗਿਆ ਹੈ।  

ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 620 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 117 ਆਪਣੇ ਘਰਾਂ 'ਚ ਆਈਸੋਲੇਟ, 75 ਸਿਵਲ ਹਸਪਤਾਲ 'ਚ, 148 ਮੈਰੀਟੋਰੀਅਸ ਸਕੂਲ 'ਚ, 13 ਮਿਲਟਰੀ ਹਸਪਤਾਲ 'ਚ, 39 ਬੀ. ਐੱਸ. ਐੱਫ. ਹਸਪਤਾਲ 'ਚ, 14 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 22 ਲੁਧਿਆਣਾ ਦੇ ਹਸਪਤਾਲਾਂ 'ਚ, 3 ਪੀ. ਜੀ. ਆਈ. ਚੰਡੀਗੜ੍ਹ 'ਚ, 3 ਕਪੂਰਥਲਾ ਦੇ ਹਸਪਤਾਲ 'ਚ ਅਤੇ 37 ਨਿੱਜੀ ਹਸਪਤਾਲਾਂ 'ਚ ਦਾਖਲ ਹਨ। 148 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚੋਂ ਸ਼ਿਫਟ ਕੀਤਾ ਜਾਣਾ ਹੈ।

ਸ਼ਨੀਵਾਰ 820 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 22 ਹੋਰ ਮਰੀਜ ਪਰਤੇ ਸਨ ਘਰ
ਸਿਹਤ ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ 820 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 22 ਹੋਰਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 493 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਇਨ੍ਹਾਂ ਮਰੀਜ਼ਾਂ ਨੇ ਤੋੜਿਆ ਸ਼ਨੀਵਾਰ ਨੂੰ ਕੋਰਨਾ ਕਾਰਨ ਦਮ
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਿਹੜੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦੀ ਸੂਚਨਾ ਮਿਲੀ ਹੈ, ਉਨ੍ਹਾਂ 'ਚ ਮਕਸੂਦਾਂ ਨਿਵਾਸੀ ਸੁਰੇਸ਼ ਸਾਹਨੀ (60) ਅਤੇ ਦੁਰਗਾ ਕਾਲੋਨੀ ਵਾਸੀ ਊਸ਼ਾ ਰਾਣੀ (66) ਦੀ ਮੌਤ ਨਿੱਜੀ ਹਸਪਤਾਲਾਂ, ਸੁਰਿੰਦਰ ਕੁਮਾਰ (53), ਮਹਿੰਦਰ ਕੌਰ (60) ਵਾਸੀ ਸਰਾਏ ਖਾਸ ਦੀ ਸਿਵਲ ਹਸਪਤਾਲ ਅਤੇ ਕੁਲਦੀਪ (48) ਤੇ ਮਨੀਸ਼ (36) ਦੀ ਮੌਤ ਅੰਮ੍ਰਿਤਸਰ ਦੇ ਹਸਪਤਾਲ ਵਿਚ ਹੋਈ ਹੈ।


shivani attri

Content Editor

Related News