ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 10 ਤੱਕ ਪੁੱਜਾ
Thursday, Jun 11, 2020 - 12:23 AM (IST)
ਜਲੰਧਰ (ਰੱਤਾ)—ਜਲੰਧਰ 'ਚ ਕੋਰੋਨਾ ਵਾਇਰਸ ਦੇ ਕਾਰਨ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਕਸੂਦਾਂ ਦੇ ਮੋਤੀ ਨਗਰ ਦੇ ਰਹਿਣ ਵਾਲੇ 86 ਸਾਲਾ ਬਜ਼ੁਰਗ ਦੇਵਦੱਤ ਸ਼ਰਮਾ ਨੇ ਕੋਰੋਨਾ ਕਾਰਨ ਜ਼ੇਰੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਬਜ਼ੁਰਗ ਨੂੰ ਸਿਹਤ ਖਰਾਬ ਹੋਣ ਕਰਕੇ ਸੋਮਵਾਰ ਨੂੰ ਪਹਿਲਾਂ ਸ਼੍ਰੀਮਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵੱਲੋਂ ਸਾਰੇ ਟੈਸਟ ਕਰਨ ਦੇ ਨਾਲ-ਨਾਲ ਕੋਰੋਨਾ ਦਾ ਟੈਸਟ ਵੀ ਕੀਤਾ ਗਿਆ ਸੀ।
ਇਸ ਦੀ ਰਿਪਰੋਟ ਅੱਜ ਤੜਕੇ ਹੀ ਪਾਜ਼ੇਟਿਵ ਪਾਈ ਗਈ ਹੈ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਕਤ ਬਜ਼ੁਰਗ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੋਂ ਪਰਿਵਾਰ ਵਾਲੇ ਆਈ. ਐੱਮ. ਏ. ਸ਼ਾਹਕੋਟ ਹਸਪਤਾਲ 'ਚ ਲੈ ਗਏ ਸਨ। ਇਥੇ ਵੀ ਸਿਹਤ 'ਚ ਸੁਧਾਰ ਨਾ ਹੋਣ ਦੇ ਚਲਦਿਆਂ ਉਕਤ ਬਜ਼ੁਰਗ ਨੇ ਦਮ ਤੋੜ ਦਿੱਤਾ। ਅੱਜ ਹੋਈ ਮੌਤ ਤੋਂ ਬਾਅਦ ਜਲੰਧਰ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ। ਇਥੇ ਦੱਸ ਦੇਈਏ ਕਿ ਲਗਾਤਾਰ ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਕੈਪਟਨ ਦੀ ਅਗਵਾਈ 'ਚ 2022 ਦੀ ਚੋਣ ਲੜੇਗੀ ਪਾਰਟੀ: ਜਾਖੜ
ਕੱਲ੍ਹ ਆਏ ਸਨ 5 ਪਾਜ਼ੇਟਿਵ ਕੇਸ
ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 5 ਪਾਜ਼ੇਟਿਵ ਮਰੀਜ਼ ਮਿਲੇ ਸਨ ਹਾਲਾਂਕਿ ਸਿਹਤ ਮਹਿਕਮੇ ਨੇ ਇਨ੍ਹਾਂ 5 ਕੇਸਾਂ 'ਚੋਂ ਸਿਰਫ ਇਕ ਦੀ ਪੁਸ਼ਟੀ ਕੀਤੀ ਹੈ, ਜਦਕਿ 4 ਪਾਜ਼ੇਟਿਵ ਮਰੀਜ਼ਾਂ ਦੀ ਲੁਧਿਆਣਾ ਤੋਂ ਪੁਸ਼ਟੀ ਕੀਤੀ ਗਈ ਹੈ ਅਤੇ ਉਥੇ ਉਹ ਇਲਾਜ ਅਧੀਨ ਹਨ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੀ. ਐੱਮ. ਸੀ. 'ਚ ਦਾਖਲ 2 ਮਰੀਜ਼ਾਂ 'ਚੋਂ ਇਕ ਸਥਾਨਕ ਅਵਤਾਰ ਨਗਰ ਦਾ ਰਹਿਣ ਵਾਲਾ 66 ਸਾਲਾ ਵਿਅਕਤੀ ਕਪੂਰਥਲਾ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਹੈ, ਜਦਕਿ ਦੂਜਾ ਵਡਾਲਾ ਚੌਕ ਨੇੜੇ ਫ੍ਰੈਂਡਜ਼ ਕਾਲੋਨੀ ਨਿਵਾਸੀ 46 ਸਾਲਾ ਵਿਅਕਤੀ ਹੈ ਜੋ ਮਾਡਲ ਹਾਊਸ 'ਚ ਕੈਮੀਕਲ ਫੈਕਟਰੀ ਦਾ ਮਾਲਕ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਵਿਅਕਤੀ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਆਇਆ ਸੀ। ਓਧਰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ 'ਚ ਜਿਨ੍ਹਾਂ 2 ਪਾਜ਼ੇਟਿਵ ਮਰੀਜ਼ਾਂ ਦੀ ਸੂਚਨਾ ਮਿਲੀ ਹੈ, ਉਨ੍ਹਾਂ 'ਚੋਂ ਇਕ ਸਥਾਨਕ ਨਿਊ ਵਿਜੇ ਨਗਰ ਦਾ ਰਹਿਣ ਵਾਲਾ 64 ਸਾਲਾ ਵਿਅਕਤੀ ਹੈ ਜੋ ਕਿ ਡੀ. ਐੱਮ. ਸੀ. 'ਚ ਹੀ ਇਲਾਜ ਅਧੀਨ ਹੈ, ਜਦਕਿ ਦੂਜਾ 60 ਸਾਲਾ ਵਿਅਕਤੀ ਸਥਾਨਕ ਦਿਓਲ ਨਗਰ ਨਕੋਦਰ ਰੋਡ ਦਾ ਰਹਿਣ ਵਾਲਾ ਹੈ। ਉਹ ਓ. ਪੀ. ਡੀ. 'ਚ ਡਾਕਟਰ ਨੂੰ ਚੈੱਕ ਕਰਵਾਉਣ ਲਈ ਆਇਆ ਸੀ ਅਤੇ ਉਥੇ ਉਸ ਦਾ ਟੈਸਟ ਕੀਤਾ ਗਿਆ ਸੀ। ਸਿਹਤ ਮਹਿਕਮੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੇਅੰਤ ਨਗਰ ਦੀ ਰਹਿਣ ਵਾਲੀ ਜਿਸ 22 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਉਹ ਗਿੱਧਾ ਪਾਰਟੀ 'ਚ ਕੰਮ ਕਰਦੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਪਟਨਾ ਤੋਂ ਪਰਤੀ ਸੀ। ਉਕਤ ਲੜਕੀ ਨੂੰ ਬੁਖਾਰ ਹੋਣ ਕਾਰਣ ਉਸਦੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਸੈਂਪਲ ਲੈਣ 'ਤੇ ਉਹ ਪਾਜ਼ੇਟਿਵ ਆ ਗਈ।
ਇਹ ਵੀ ਪੜ੍ਹੋ:ਬੀਜ ਘੁਟਾਲੇ 'ਤੇ ਬੈਂਸ ਨੇ ਮੰਗੀ ਸੀ.ਬੀ.ਆਈ. ਜਾਂਚ, ਬਾਦਲਾਂ ਨਾਲ ਦੋਸ਼ੀ ਦੀਆਂ ਤਸਵੀਰਾਂ ਵਿਖਾ ਕੇ ਖੋਲ੍ਹੇ ਰਾਜ਼
ਨਿਊ ਵਿਜੇ ਨਗਰ ਵਾਸੀ ਦੇ ਜਵਾਈ ਦੀ ਰਿਪੋਰਟ ਵੀ ਆਈ ਸੀ ਪਾਜ਼ੇਟਿਵ
ਡੀ. ਐੱਮ. ਸੀ. ਹਸਪਤਾਲ ਲੁਧਿਆਣਾ 'ਚ ਇਲਾਜ ਅਧੀਨ ਸਥਾਨਕ ਨਿਊ ਵਿਜੇ ਨਗਰ ਵਾਸੀ ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਉਸ ਦੇ ਜਵਾਈ ਦੀ ਰਿਪੋਰਟ ਵੀ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਈ ਸੀ, ਜੋ ਕਿ ਪਠਾਨਕੋਟ ਦਾ ਰਹਿਣ ਵਾਲਾ ਹੈ।
ਇਨ੍ਹਾਂ ਮਰੀਜ਼ਾਂ ਦੀਆਂ ਆਈਆਂ ਸਨ ਪਾਜ਼ੇਟਿਵ ਰਿਪੋਰਟਾਂ
1. ਸਪਨਾ (22) ਬੇਅੰਤ ਨਗਰ ਰਾਮਾ ਮੰਡੀ
2. ਮਨੀਸ਼ (46) ਫ੍ਰੈਂਡਜ਼ ਕਾਲੋਨੀ
3. ਰੋਬਿਨ (66) ਅਵਤਾਰ ਨਗਰ
4. ਸੋਮਨਾਥ (64) ਨਿਊ ਵਿਜੇ ਨਗਰ
5. ਮੁਹੰਮਦ ਰਿਜ਼ਵਾਨ (60) ਦਿਉਲ ਨਗਰ ਨਕੋਦਰ ਰੋਡ
ਕੁਲ ਸੈਂਪਲ - 11,297
ਨੈਗੇਟਿਵ ਆਏ-9863
ਪਾਜ਼ੇਟਿਵ ਆਏ -319
ਡਿਸਚਾਰਜ ਹੋਏ-243
ਮੌਤਾਂ ਹੋਈਆਂ-10