ਜਲੰਧਰ: ਦੋਸ਼ੀ ਦੇ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ 3 ਜੱਜ ਹੋਏ ਹੋਮ ਕੁਆਰੰਟਾਈਨ

06/10/2020 11:24:06 AM

ਜਲੰਧਰ (ਜਤਿੰਦਰ, ਭਾਰਦਵਾਜ)— ਕੋਰੋਨਾ ਵਾਇਰਸ ਦਾ ਖੌਫ ਹੁਣ ਅਦਾਲਤਾਂ ਤਕ ਵੀ ਪਹੁੰਚ ਗਿਆ ਹੈ। ਬੀਤੇ ਦਿਨੀਂ ਪੁਲਸ ਵੱਲੋਂ ਜੂਆ ਖੇਡਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਪ੍ਰਵੀਨ ਮਹਾਜਨ ਨਿਵਾਸੀ ਅੰਮ੍ਰਿਤਸਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ 3 ਜੱਜਾਂ ਤੋਂ ਇਲਾਵਾ ਹੋਰਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ ।

ਮਿਲੀ ਜਾਣਕਾਰੀ ਅਨੁਸਾਰ ਸੈਸ਼ਨ ਜੱਜ ਜਲੰਧਰ ਵੱਲੋਂ ਤਿੰਨ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਸ਼ੈਰਿਲ ਸੋਹੀ, ਸੁਧੀਰ ਕੁਮਾਰ ਅਤੇ ਸ਼ਮਿੰਦਰ ਪਾਲ ਸਿੰਘ ਜੋ ਕਿ ਸ਼ੈਰਿਲ ਸੋਹੀ ਦੇ ਪਤੀ ਹਨ, ਸਮੇਤ ਦੋਵਾਂ ਅਦਾਲਤਾਂ ਦੇ ਸਟਾਫ ਮੈਂਬਰ ਮਿਸ ਗੀਤਿਕਾ ਸਟੈਨੋ, ਗੁਰਬਿੰਦਰ ਸਿੰਘ ਅਹਿਮਦ, ਲਛਮਣ ਸਿੰਘ ਪਿਆਦਾ, ਨਾਇਬ ਕੋਰਟ ਪਰਸ਼ੋਤਮ ਸਿੰਘ ਨੂੰ 14 ਦਿਨਾਂ ਲਈ ਆਪਣੇ ਘਰ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੋਸ਼ੀ ਦੇ ਵਕੀਲ ਸੰਜੀਵ ਬਾਂਸਲ ਨੂੰ ਵੀ ਆਪਣੇ ਘਰ 'ਚ ਇਕਾਂਤਵਾਸ 'ਚ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਨੂੰ ਫੜਣ ਵਾਲੇ ਕਰੀਬ ਅੱਧਾ ਦਰਜਨ ਪੁਲਸ ਕਰਮਚਾਰੀਆਂ ਨੂੰ ਪਹਿਲਾਂ ਹੀ ਇਕਾਂਤਵਾਸ ਕੀਤਾ ਗਿਆ ਹੈ।

ਹੋਮ ਕੁਆਰੰਟਾਈਨ ਹੋਏ ਲੋਕਾਂ ਦੀ ਨਿਗਰਾਨੀ ਲਈ 696 ਟੀਮਾਂ ਗਠਿਤ
ਜ਼ਿਲ੍ਹੇ 'ਚ ਮਿਸ਼ਨ ਫਤਹਿ ਤਹਿਤ ਹੋਮ ਕੁਆਰੰਟਾਈਨ ਕੀਤੇ ਗਏ ਲੋਕਾਂ 'ਤੇ ਨਜ਼ਰ ਰੱਖਣ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀਆਂ 696 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਹਿਤਿਆਤ ਵਜੋਂ ਹੋਮ ਕੁਆਰੰਟਾਈਨ ਕੀਤੇ ਗਏ ਲੋਕ ਜੇਕਰ ਨਿਯਮਾਂ ਦੀਆਂ ਉਲੰਘਣਾ ਕਰਨਗੇ ਤਾਂ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ।


shivani attri

Content Editor

Related News