ਕੋਰੋਨਾ ਕਾਲ ''ਚ ਸਾਦੇ ਵਿਆਹਾਂ ਦਾ ਵਧਿਆ ਰੁਝਾਨ, ਜਲੰਧਰ ਜ਼ਿਲ੍ਹੇ ''ਚ ਤਾਲਾਬੰਦੀ ''ਚ ਹੋਏ 400 ਤੋਂ ਵੱਧ ਵਿਆਹ

Sunday, Jul 12, 2020 - 11:11 AM (IST)

ਜਲੰਧਰ — ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਜਿੱਥੇ ਲੋਕਾਂ ਦਾ ਕਾਰੋਬਾਰ ਠੱਪ ਹੋਇਆ ਹੈ, ਉਥੇ ਹੀ ਇਸ ਦਾ ਅਸਰ ਵਿਆਹਾਂ 'ਤੇ ਵੀ ਪੂਰਾ ਵੇਖਣ ਨੂੰ ਮਿਲਿਆ ਹੈ। ਕਈ ਵਿਆਹ ਵਾਲੇ ਪਰਿਵਾਰਾਂ ਵੱਲੋਂ ਤਾਂ ਵਿਆਹ ਰੱਦ ਹੀ ਕਰ ਦਿੱਤੇ ਗਏ ਅਤੇ ਕਈਆਂ ਵੱਲੋਂ ਸਾਦੇ ਵਿਆਹਾਂ ਨੂੰ ਮੁੱਖ ਤਰਜੀਹ ਦਿੱਤੀ ਗਈ। ਕੋਰੋਨਾ ਕਾਲ ਦੌਰਾਨ ਸਾਦੇ ਢੰਗ ਨਾਲ ਵਿਆਹ ਕਰਨ ਦਾ ਰੁਝਾਨ ਕਾਫ਼ੀ ਵਧਿਆ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ 'ਚ ਤਾਲਾਬੰਦੀ 'ਚ 400 ਤੋਂ ਵੱਧ ਵਿਆਹ ਹੋ ਚੁੱਕੇ ਹਨ।

ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਐੱਸ. ਡੀ. ਐੱਮ-2 ਦਫ਼ਤਰ ਤੋਂ ਅਜੇ ਤੱਕ ਤਾਲਾਬੰਦੀ 'ਚ 400 ਤੋਂ ਵਧ ਲੋਕਾਂ ਨੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਕਰਫਿਊ ਦੌਰਾਨ ਵਿਆਹਾਂ 'ਚ ਮੁੰਡੇ ਅਤੇ ਕੁੜੀ ਦੇ ਪਰਿਵਾਰ 'ਚੋਂ ਸਿਰਫ 5-5 ਲੋਕ ਹੀ ਜਾ ਰਹੇ ਸਨ ਪਰ ਜਿਵੇਂ ਹੀ ਦੋਵਾਂ ਵੱਲੋਂ 25-25 ਲੋਕਾਂ ਸਣੇ 50 ਲੋਕਾਂ ਨੂੰ ਜਾਣ ਦੀ ਢਿੱਲ ਮਿਲੀ, ਉਦੋਂ ਤੋਂ ਹੀ ਖੁਸ਼ੀ 'ਚ ਲੋਕ ਸਮਾਜਿਕ ਦੂਰੀ ਵੀ ਭੁੱਲ ਰਹੇ ਹਨ। ਦਰਅਸਲ ਸਮਾਜਿਕ ਸ਼੍ਰਿਸ਼ਟਾਚਾਰ ਅਤੇ ਦੂਜੇ ਰਿਸ਼ਤੇਦਾਰਾਂ ਨੂੰ ਟੋਕਣ ਤੋਂ ਬਚਣ ਦੇ ਚੱਕਰ 'ਚ ਲੋਕ ਸਿਰਫ ਰਿਸਕ 'ਚ ਆ ਰਹੇ ਹਨ। ਇਸ ਮਹੀਨੇ ਵੀ ਵਿਆਹਾਂ ਦਾ ਸਿਲਸਿਲਾ ਜਾਰੀ ਰਹੇਗਾ। ਵਿਆਹਾਂ ਦੀ ਜਾਣਕਾਰੀ ਦੇਣ ਲਈ ਲੋਕ ਡੀ. ਸੀ. ਕੰਪਲੈਕਸ ਪਹੁੰਚ ਰਹੇ ਹਨ।

PunjabKesari

ਵਿਆਹ ਦੇ ਆਰਗੇਨਾਈਜ਼ਨ ਤੋਂ ਲਈ ਜਾਂਦੀ ਹੈ ਮਹਿਮਾਨਾਂ ਦੀ ਲਿਸਟ
ਐੱਸ. ਡੀ. ਐੱਮ.-2 ਜੇਇੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਆਹ ਦੇ ਆਰਗੇਨਾਈਜ਼ਰ ਤੋਂ ਮਹਿਮਾਨਾਂ ਦੀ ਲਿਸਟ ਲਈ ਜਾਂਦੀ ਹੈ, ਜੋਕਿ ਅੱਜ ਦੇ ਦੌਰ 'ਚ ਕਾਫ਼ੀ ਮਹੱਤਵਪੂਰਨ ਹੈ। ਦਰਅਸਲ ਜੇਕਰ ਵਿਆਹ 'ਚੋਂ ਕੋਈ ਵੀ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਲਿਸਟ ਜ਼ਰੀਏ ਬਾਕੀ ਸ਼ਾਮਲ ਹੋਏ ਲੋਕਾਂ ਨੂੰ ਆਸਾਨੀ ਨਾਲ ਟਰੇਸ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਟੈਸਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਲੋਕ ਕਿਤੇ ਵੀ ਗੈਦਰਿੰਗ ਕਰ ਰਹੇ ਹਨ ਤਾਂ ਇਸ ਦੀ ਇਜਾਜ਼ਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ਰੂਰ ਲੈਣ।

ਰਿਸਕ ਫੈਕਟ ਵੀ ਆਏ ਸਾਹਮਣੇ, ਉੱਡ ਰਹੀਆਂ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ
ਉਥੇ ਹੀ ਦੂਜੇ ਪਾਸੇ ਸਿਟੀ 'ਚ ਹੋਣ ਵਾਲੇ ਵਿਆਹਾਂ 'ਚ ਰਿਸਕ ਫੈਕਟ ਵੀ ਸਾਹਮਣੇ ਆਏ ਹਨ। ਲੋਕ ਵਿਆਹ 'ਚ ਮਾਸਕ ਪਾਉਣ ਤੋਂ ਗੁਰੇਜ਼ ਕਰ ਰਹੇ ਹਨ। ਜਦੋਂ ਡੀ. ਜੇ. ਸਟੇਜ਼ 'ਤੇ ਲੋਕ ਇਕੱਠੇ ਹੁੰਦੇ ਹਨ ਤਾਂ ਸਮਾਜਿਕ ਦੂਰੀ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਖਾਣੇ ਦੇ ਟੇਬਲ 'ਤੇ ਵੀ ਸੋਸ਼ਲ ਡਿਸਟੈਂਸਿੰਗ ਖਤਮ ਹੋ ਰਹੀ ਹੈ। ਰਾਤ ਦੇ ਸਮੇਂ ਜਾਗੋ ਵੀ ਪ੍ਰਸ਼ਾਸਨ ਤੋਂ ਚੋਰੀ ਕੱਢੀ ਜਾ ਰਹੀ ਹੈ। ਹੋਟਲ ਵਾਲਿਆਂ ਨੇ ਵਿਆਹਾਂ 'ਚ ਸ਼ਰਾਬ ਨੂੰ ਰੋਕਿਆ ਹੋਇਆ ਹੈ, ਉਥੇ ਹੀ ਪ੍ਰਸ਼ਾਸਨ ਦੇ ਆਦੇਸ਼ ਦਾ ਹਵਾਲਾ ਦੇ ਕੇ ਸ਼ਰਾਬ ਪਰੋਸਨ ਤੋਂ ਵੀ ਮਨਾ ਕਰ ਰਹੇ ਹਨ ਪਰ ਸ਼ਰਾਬ ਪੀਣ ਵਾਲੇ ਆਪਣੇ ਨਾਲ ਹੀ ਲੈ ਕੇ ਆ ਰਹੇ ਹਨ।


shivani attri

Content Editor

Related News