ਵਧਦਾ ਜਾ ਰਿਹਾ ਹੈ ਜਲੰਧਰ ''ਚ ਕੋਰੋਨਾ ਦਾ ਕਹਿਰ, ਅੰਕੜਾ 241 ਤੱਕ ਪੁੱਜਾ

Thursday, May 28, 2020 - 10:08 AM (IST)

ਜਲੰਧਰ (ਰੱਤਾ)— ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਥੰਮਦਾ ਨਜ਼ਰ ਨਹੀਂ ਆ ਰਿਹਾ। ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਕੋਰੋਨਾ ਵਾਇਰਸ ਦੇ ਜਿਨ੍ਹਾਂ ਪਾਜ਼ੇਟਿਵ ਰੋਗੀਆਂ ਦੀ ਰਿਪੋਰਟ ਪ੍ਰਾਪਤ ਹੋਈ ਉਨ੍ਹਾਂ 'ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮੁਨੀਫ ਉਰਫ ਬੌਬੀ ਸਹਿਗਲ, ਉਸ ਦਾ ਭਰਾ ਮਨੀਸ਼ ਸਹਿਗਲ ਅਤੇ ਇਕ ਹੋਰ ਵਿਅਕਤੀ ਸੁਰਜੀਤ ਕੁਮਾਰ ਸ਼ਾਮਲ ਹੈ।

ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾਕਟਰ ਟੀ. ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਦੇਰ ਰਾਤ 211 ਲੋਕਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚੋਂ 208 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3 ਦੀ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਕੋਰੋਨਾ ਦੇ 241 ਪਾਜ਼ੇਟਿਵ ਕੇਸ ਪ੍ਰਾਪਤ ਹੋਏ ਹਨ, ਜਿਨ੍ਹਾਂ 'ਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਦੇ ਕਰੀਬ ਵਿਅਕਤੀ ਮਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਸ਼ਹਿਰ ਦੇ ਕਈ ਦਿੱਗਜ ਕਾਂਗਰਸੀ ਨੇਤਾਵਾਂ ਨਾਲ ਉਨ੍ਹਾਂ ਦਾ ਉੱਠਣਾ ਬੈਠਣਾ ਸੀ, ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਮਾਣਯੋਗ ਸ਼ਖਸੀਅਤਾਂ ਵੀ ਉਨ੍ਹਾਂ ਦੇ ਸੰਪਰਕ ਵਿਚ ਸਨ। ਇਨ੍ਹਾਂ ਸਾਰਿਆਂ ਦੇ ਵੀ ਕੋਰੋਨਾ ਦੀ ਲਪੇਟ ਵਿਚ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਰੋਗੀਆਂ 'ਚੋਂ 1 ਆਰ. ਪੀ. ਐੱਫ. ਦਾ ਜਵਾਨ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੇਰ ਰਾਤ, ਜਿਨ੍ਹਾਂ 3 ਰੋਗੀਆਂ ਦੀ ਰਿਪੋਰਟ ਪੁਸ਼ਟੀ ਪ੍ਰਾਪਤ ਹੋਈ, ਉਨ੍ਹਾਂ 'ਚ 1 ਆਰ. ਪੀ. ਐੱਫ. ਦਾ ਜਵਾਨ ਅਤੇ 2 ਪਠਾਨਕੋਟ ਦੇ ਰਹਿਣ ਵਾਲੇ ਵਿਅਕਤੀ ਹਨ। ਉਕਤ ਆਰ. ਪੀ. ਐੱਫ. ਦਾ ਜਵਾਨ ਮੂਲ ਰੂਪ 'ਚ ਹਰਿਆਣਾ ਦਾ ਰਹਿਣ ਵਾਲਾ ਹੈ ਜਦਕਿ ਪਠਾਨਕੋਟ ਦੇ ਜੋ 2 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਉਹ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਥਾਨਕ ਨਿਊ ਵਿਜੇ ਨਗਰ 'ਚ ਰਹਿਣ ਵਾਲੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਜ਼ੇਟਿਵ ਵਾਲੇ ਰੋਗੀਆਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦੇ ਵੀਰਵਾਰ ਨੂੰ ਸੈਂਪਲ ਲਏ ਜਾਣਗੇ।


shivani attri

Content Editor

Related News