ਜਲੰਧਰ ਜ਼ਿਲ੍ਹੇ 'ਚ ਇਸ ਮਹਿਕਮੇ ਦੇ ਆਲ੍ਹਾ ਅਧਿਕਾਰੀ ਸਮੇਤ ਕੋਰੋਨਾ ਦੇ 58 ਨਵੇਂ ਮਾਮਲੇ ਮਿਲੇ

07/18/2020 4:06:18 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰ ਤੋਂ ਉਸ ਸਮੇਂ ਜਲੰਧਰ 'ਚ ਕੋਰੋਨਾ ਧਮਾਕਾ ਹੋ ਗਿਆ ਜਦੋਂ ਜਦੋਂ ਇਕੋ ਦਿਨ ’ਚ 58 ਕੇਸ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1591 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 32 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਅੱਜ ਦੇ ਪਾਏ ਗਏ ਪਾਜ਼ੇਟਿਵ ਕੇਸਾਂ 'ਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਥੇ ਇਹ ਵੀ ਦੱਸ ਦੇਈਏ ਕਿ ਬੀ. ਕੇ. ਵਿਰਦੀ ਪਿਛਲੇ 10 ਦਿਨਾਂ ਤੋਂ ਘਰ 'ਚ ਹੀ ਸੈਲਫ ਆਈਸੋਲੇਟ ਹਨ। ਇਸ ਦੇ ਇਲਾਵਾ ਸੀ.ਆਰ.ਪੀ.ਐੱਫ. ਦੇ ਤਿੰਨ ਅਤੇ ਆਈ. ਟੀ. ਬੀ. ਪੀ. ਦੇ 8 ਮੁਲਾਜ਼ਮ ਵੀ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਇਲਾਵਾ ਨਿਊ ਬੇਅੰਤ ਨਗਰ, ਮੇਨ ਬਾਜ਼ਾਰ ਗੜ੍ਹਾ, ਗਾਜ਼ੀਗੁੱਲਾ, ਬਸਤੀ ਬਾਵਾ ਖੇਲ, ਕੋਟ ਕਿਸ਼ਨ, ਚੰਦ, ਸੈਂਟਰ ਟਾਊਨ, ਅਰਜੁਨ ਨਗਰ 'ਚੋਂ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਸ਼ੁੱਕਰਵਾਰ 689 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 15 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਲਿਸਟ ਅਨੁਸਾਰ ਸ਼ੁੱਕਰਵਾਰ ਨੂੰ 689 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਏ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 15 ਹੋਰਨਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 713 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ, ਜਦਕਿ ਮਹਿਕਮੇ ਨੂੰ ਅਜੇ 982 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

24 ਘੰਟਿਆਂ 'ਚ ਸਿਰਫ 38 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਹਸਪਤਾਲ ਸ਼ਿਫਟ ਕਰ ਸਕਿਆ ਸਿਹਤ ਮਹਿਕਮਾ
ਕੋਰੋਨਾ ਨਾਲ ਨਜਿੱਠਣ ਲਈ ਉਂਝ ਤਾਂ ਪੰਜਾਬ ਸਰਕਾਰ ਅਤੇ ਸਿਹਤ ਮਹਿਕਮਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਅਤੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਹਿ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਅਸਲ 'ਚ ਕੋਰੋਨਾ ਨੂੰ ਹਰਾਉਣ ਲਈ ਕੋਈ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮੇ ਨੇ ਕੋਰੋਨਾ ਪਾਜ਼ੇਟਿਵ ਆ ਚੁੱਕੇ 162 ਮਰੀਜ਼ਾਂ 'ਚੋਂ ਸਿਰਫ 38 ਨੂੰ ਪਿਛਲੇ 24 ਘੰਟਿਆਂ 'ਚ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕੀਤਾ, ਜਦਕਿ ਬਾਕੀ ਦੇ 124 ਪਾਜ਼ੇਟਿਵ ਮਰੀਜ਼ ਆਪਣੇ ਘਰਾਂ ਵਿਚ ਬੈਠੇ ਹਨ, ਜਿਨ੍ਹਾਂ ਨੂੰ ਸਿਹਤ ਮਹਿਕਮਾ ਪਤਾ ਨਹੀਂ ਕਦੋਂ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕਰ ਸਕੇਗਾ। ਜੇਕਰ ਪਾਜ਼ੇਟਿਵ ਮਰੀਜ਼ ਇਸ ਤਰ੍ਹਾਂ ਹੀ 2-3 ਦਿ ਨ ਘਰਾਂ 'ਚ ਰਹਿਣਗੇ ਤਾਂ ਕੋਰੋਨਾ ਵਾਇਰਸ ਦਾ ਚੱਕਰ ਤੋੜਨਾ ਮੁਸ਼ਕਿਲ ਹੀ ਨਹੀਂ, ਅਸੰਭਵ ਹੋ ਜਾਵੇਗਾ।

ਸਿਹਤ ਮਹਿਕਮੇ ਅਨੁਸਾਰ ਜ਼ਿਲ੍ਹੇ 'ਚ ਇਸ ਸਮੇਂ 600 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 105 ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਆਪਣੇ ਘਰਾਂ 'ਚ ਆਈਸੋਲੇਟ ਹਨ, ਜਦਕਿ 96 ਸਿਵਲ ਹਸਪਤਾਲ ਚ, 184 ਮੈਰੀਟੋਰੀਅਸ ਸਕੂਲ 'ਚ, 71 ਮਿਲਟਰੀ ਹਸਪਤਾਲ 'ਚ, 11 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 7 ਲੁਧਿਆਣਾ ਦੇ ਹਸਪਤਾਲਾਂ 'ਚ, 1 ਪੀ. ਜੀ. ਆਈ. ਚੰਡੀਗੜ੍ਹ 'ਚ, 1 ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਹੈ ਅਤੇ 124 ਪਾਜ਼ੇਟਿਵ ਮਰੀਜ਼ ਸਿਹਤ ਮਹਿਕਮੇ ਦੀ ਐਂਬੂਲੈਂਸ ਦਾ ਇੰਤਜ਼ਾਰ ਕਰ ਰਹੇ ਹਨ।

ਕੁਲ ਸੈਂਪਲ 32477
ਨੈਗੇਟਿਵ ਆਏ 29692
ਪਾਜ਼ੇਟਿਵ ਆਏ 1581
ਡਿਸਚਾਰਜ ਹੋਏ ਮਰੀਜ਼ 901
ਮੌਤਾਂ ਹੋਈਆਂ 32
ਐਕਟਿਵ ਕੇਸ 600


shivani attri

Content Editor

Related News