ਕੋਰੋਨਾ ਵਾਇਰਸ: ਲੁਧਿਆਣਾ ਆਰ. ਪੀ. ਐੱਫ. ਥਾਣਾ ਸੀਲ, ਜਲੰਧਰ ਦੇ ਸਟਾਫ ''ਚ ਵੀ ਦਹਿਸ਼ਤ
Thursday, May 21, 2020 - 12:18 PM (IST)
ਜਲੰਧਰ (ਗੁਲਸ਼ਨ)— ਫਿਰੋਜ਼ਪੁਰ ਰੇਲ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਚਲਾਈ ਜਾ ਰਹੀ 'ਸ਼੍ਰਮਿਕ ਸਪੈਸ਼ਲ ਟਰੇਨ' ਵਿਚ ਜਾਣ ਵਾਲੇ ਮਜ਼ਦੂਰਾਂ ਨੂੰ ਚਾਹੇ ਕੋਰੋਨਾ ਵਾਇਰਸ ਦਾ ਖੌਫ ਨਾ ਹੋਵੇ ਪਰ ਰੇਲਵੇ ਅਧਿਕਾਰੀਆਂ ਅਤੇ ਆਰ. ਪੀ. ਐੱਫ. ਸਟਾਫ ਵਿਚ ਇਸ ਸਮੇਂ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਬੀਤੇ ਦਿਨੀਂ ਲੁਧਿਆਣਾ ਆਰ. ਪੀ. ਐੱਫ. 'ਚ ਤਾਇਨਾਤ 18 ਕਰਮਚਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੜਕੰਪ ਮਚ ਗਿਆ। ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ, ਜਿਸ ਤੋਂ ਬਾਅਦ ਲੁਧਿਆਣਾ ਆਰ. ਪੀ. ਐੱਫ. ਦੇ 40 ਤੋਂ 45 ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਆ ਗਏ।
ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੁਧਿਆਣਾ ਸਟੇਸ਼ਨ 'ਤੇ ਸਥਿਤ ਆਰ. ਪੀ. ਐੱਫ. ਥਾਣੇ ਨੂੰ ਸੀਲ ਕਰ ਦਿੱਤਾ ਅਤੇ ਇੰਸਪੈਕਟਰ ਅਨਿਲ ਕੁਮਾਰ ਸਮੇਤ ਸਾਰੇ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਸੂਚਨਾ ਮੁਤਾਬਕ ਹੁਣ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ਤੋਂ ਆਰ. ਪੀ. ਐੱਫ. ਸਟਾਫ ਨੂੰ ਬੁਲਾ ਕੇ ਲੁਧਿਆਣਾ ਸਟੇਸ਼ਨ 'ਤੇ ਡਿਊਟੀ ਕਰਵਾਈ ਜਾ ਰਹੀ ਹੈ। ਇਸ ਘਟਨਾ ਦਾ ਖੌਫ ਪੂਰੇ ਮੰਡਲ ਵਿਚ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਆਰ. ਪੀ. ਐੱਫ. ਦੇ ਸਟਾਫ ਉਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੰਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਡਰ ਹਰ ਕਿਸੇ ਨੂੰ ਹੈ ਪਰ ਡਿਊਟੀ ਕਰਨੀ ਵੀ ਜ਼ਰੂਰੀ ਹੈ। ਇਸ ਲਈ ਸਟਾਫ ਨੂੰ ਡਿਊਟੀ ਦੇ ਨਾਲ-ਨਾਲ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਵੀ ਲਗਾਤਾਰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।