ਜਲੰਧਰ ਜ਼ਿਲ੍ਹੇ 'ਚ 11 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ
Monday, Jul 20, 2020 - 11:34 PM (IST)
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 11 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਇਹ ਵੀ ਦੱਸ ਦੇਈਏ ਕਿ ਅੱਜ ਜਲੰਧਰ ਜ਼ਿਲ੍ਹੇ 'ਚ 465 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਪਾਈ ਗਈ ਹੈ। ਅੱਜ ਦੇ ਮਿਲੇ 11 ਕੇਸਾਂ ਨੂੰ ਮਿਲਾ ਕੇ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1665 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 32 ਲੋਕ ਮੌਤ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਕੋਰੋਨਾ ਦੇ ਮਾਮਲੇ 'ਚ ਲੋਕ ਆਪਣਾ ਧਿਆਨ ਖੁਦ ਰੱਖਣ ਕਿਉਂਕਿ ਥੱਕ ਗਏ ਨੇ ਸਿਹਤ ਮਹਿਕਮੇ ਦੇ ਅਧਿਕਾਰੀ
ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧੇ ਕਾਰਨ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਜ਼ਰਾ ਵੀ ਪ੍ਰਵਾਹ ਨਹੀਂ ਹੈ। ਸਿਹਤ ਮਹਿਕਮੇ ਦੇ ਅਧਿਕਾਰੀਆ ਅਤੇ ਕਾਮਿਆਂ ਦੀ ਕਾਰਜਪ੍ਰਣਾਲੀ ਨੂੰ ਵੇਖਦੇ ਸਾਫ ਲੱਗ ਰਿਹਾ ਹੈ ਕਿ ਕੋਰੋਨਾ ਨੂੰ ਲੈ ਕੇ ਥੱਕ ਚੁੱਕੇ ਹਨ, ਇਸ ਲਈ ਲੋਕਾਂ ਨੂੰ ਆਪਣਾ ਧਿਆਨ ਖੁਦ ਹੀ ਰੱਖਣਾ ਪਵੇਗਾ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹਰ ਕੋਈ ਲਾ ਸਕਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਂਦੀ ਹੈ ਤਾਂ ਸਿਹਤ ਮਹਿਕਮੇ ਦੇ ਅਧਿਕਾਰੀ ਉਨ੍ਹਾਂ ਨੂੰ ਫੋਨ ਕਰਕੇ ਕਹਿ ਦਿੰਦੇ ਹਨ ਕਿ ਤੁਹਾਡੀ ਰਿਪੋਰਟ ਪਾਜ਼ੇਟਿਵ ਆਈ ਹੈ, ਇਸ ਲਈ ਤੁਸੀਂ ਘਰ 'ਚੋਂ ਬਾਹਰ ਨਾ ਨਿਕਲਣਾ। ਅਸੀਂ ਕੱਲ ਫਿਰ ਤੁਹਾਡੇ ਨਾਲ ਸੰਪਰਕ ਕਰ ਕੇ ਦੱਸਾਂਗੇ ਕਿ ਤੁਸੀਂ ਅੱਗੋਂ ਕੀ ਕਰਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਕਿ ਔਰਤ ਦੀ ਰਿਪੋਰਟ ਜਦੋਂ ਕੋਰੋਨਾ ਪਾਜ਼ੇਟਿਵ ਆਈ ਤਾਂ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਉਸ ਨੂੰ ਇਕ ਸਿਹਤ ਅਧਿਕਾਰੀ ਦਾ ਫੋਨ ਆਇਆ ਕਿ ਤੁਹਾਡੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਤੁਸੀਂ ਆਪਣੇ ਘਰ ਵਿਚ ਹੀ ਵੱਖ ਕਮਰੇ ਵਿਚ ਰਹੋ। ਥੋੜ੍ਹੀ ਦੇਰ ਉਕਤ ਔਰਤ ਨੂੰ ਸਿਹਤ ਕਰਮਚਾਰੀ ਵੱਲੋਂ ਦੋਬਾਰਾ ਫੋਨ ਕੀਤਾ ਗਿਆ ਕਿ ਅਸੀਂ ਤੁਹਾਨੂੰ ਕੱਲ ਸਵੇਰੇ ਦੱਸਾਂਗੇ ਕਿ ਤੁਸੀਂ ਕਿੱਥੇ ਦਾਖਲ ਹੋਣਾ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਐਤਵਾਰ ਸਵੇਰੇ ਇਕ ਵਾਰ ਫਿਰ ਤੋਂ ਉਕਤ ਔਰਤ ਨੂੰ ਫੋਨ 'ਤੇ ਹੀ ਇਹ ਨਿਰਦੇਸ਼ ਦਿੱਤੇ ਗਏ ਕਿ ਤੁਸੀਂ ਆਪਣੇ ਨਿੱਜੀ ਵਾਹਨ 'ਤੇ ਮੈਰੀਟੋਰੀਅਸ ਸਕੂਲ ਵਿਚ ਬਣੇ ਕੋਵਿਡ ਕੇਅਰ ਸੈਂਟਰ 'ਚ ਚਲੇ ਜਾਵੋ ਅਤੇ ਉਥੇ ਦਾਖਲ ਹੋ ਜਾਵੋ। ਉਪਰੰਤ ਉਕਤ ਕੋਰੋਨਾ ਪਾਜ਼ੇਟਿਵ ਔਰਤ ਖੁਦ ਹੀ ਪਰਿਵਾਰਕ ਮੈਂਬਰਾਂ ਨਾਲ ਆਪਣੇ ਨਿੱਜੀ ਵਾਹਨ 'ਤੇ ਮੈਰੀਟੋਰੀਅਸ ਸਕੂਲ 'ਚ ਜਾ ਕੇ ਦਾਖ਼ਲ ਹੋ ਗਈ।