ਲਾਪਰਵਾਹੀ : ਪਿੰਡ ਨੰਗਲੀ (ਜਲਾਲਪੁਰ) ''ਚ ਕੰਟੇਨਮੈਂਟ ਜ਼ੋਨ ਲਈ ਪ੍ਰਸ਼ਾਸਨ ਨੂੰ ਹੈ 15 ਕੇਸਾਂ ਦਾ ਇੰਤਜ਼ਾਰ
Saturday, May 30, 2020 - 11:17 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਦਾ ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਵਾਇਰਸ ਦੇ ਕੇਸਾਂ ਵੱਧਣ ਕਰਕੇ ਹਾਟ ਸਪਾਟ ਬਣਦਾ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਕੋਰੋਨਾ ਵਾਇਰਸ ਦੇ 14 ਐਕਟਿਵ ਕੇਸ ਸਾਹਮਣੇ ਆਉਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਮਹਿਕਮੇ ਨੇ ਵਾਇਰਸ ਦਾ ਕਮਿਊਨਿਟੀ ਸਪਰੈੱਡ ਰੋਕਣ ਲਈ ਪਿੰਡ ਨੂੰ ਕੰਟੇਨਮੈਂਟ ਜ਼ੋਨ ਨਾ ਬਣਾ ਕੇ ਪਿੰਡ 'ਚ ਮਹਿਜ਼ ਪੁਲਸ ਦਾ ਪਹਿਰਾ ਲਗਾਉਣਾ ਹੀ ਜ਼ਰੂਰੀ ਸਮਝਿਆ ਹੈ।
ਇਸ ਨੂੰ ਇਲਾਕੇ ਦੇ ਲੋਕ ਇਕ ਵੱਡੀ ਲਾਪਰਵਾਹੀ ਮੰਨ ਰਹੇ ਹਨ। ਇਸ ਬਾਰੇ ਜ਼ਿਲ੍ਹਾ ਨੋਡਲ ਅਫਸਰ ਸੈਲੇਸ਼ ਕੁਮਾਰ ਦਾ ਕਹਿਣਾ ਹੈ ਕਿ 15 ਐਕਟਿਵ ਕੇਸਾਂ ਦੇ ਆਉਣ 'ਤੇ ਹੀ ਕਿਸੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਜਾ ਸਕਦਾ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਮਹਿਜ਼ ਕੁਝ ਕੇਸ ਆਉਣ ਤੋਂ ਬਾਅਦ ਵੀ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਜਾ ਚੁੱਕਾ ਹੈ ਪਰ ਹੁਣ ਨਵੀਆਂ ਸਰਕਾਰੀ ਹਦਾਇਤਾਂ ਮੁਤਾਬਕ 15 ਮਰੀਜ਼ਾਂ ਤੋਂ ਬਾਅਦ ਹੀ ਇਹ ਜ਼ੋਨ ਕੰਟੇਨਮੈਂਟ ਜ਼ੋਨ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਦੋ ਹੋਰ ਮਰੀਜ਼ਾਂ ਨੇ 'ਕੋਰੋਨਾ' ਵਿਰੁੱਧ ਕੀਤੀ ਫਹਿਤ ਹਾਸਲ
ਕਿਵੇਂ ਬਣੀ ਪਿੰਡ ਕੋਰੋਨਾ ਦੀ ਚੇਨ
ਪਿੰਡ 'ਚ 17 ਮਈ ਨੂੰ ਲਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ 18 ਮਈ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵੀ ਲਖਵਿੰਦਰ ਸਿੰਘ ਦੇ ਘਰ ਅਫਸੋਸ ਲਈ ਲੋਕਾਂ ਦਾ ਆਉਣਾ-ਜਾਣਾ ਰਿਹਾ। ਲਖਵਿੰਦਰ ਸਿੰਘ ਨੂੰ ਇਲਾਜ ਲਈ ਜਲੰਧਰ ਲੈ ਕੇ ਆਉਣ ਜਾਣ ਵਾਲੇ ਡਰਾਈਵਰ ਬਲਦੇਵ ਸਿੰਘ ਦੀ 24 ਮਈ ਨੂੰ ਰਿਪੋਰਟ ਪਾਜ਼ੇਟਿਵ ਆਉਣ ਅਤੇ 26 ਅਤੇ 28 ਮਈ ਤੱਕ 14 ਐਕਟਿਵ ਕੇਸ ਆਉਣ ਦੇ ਬਾਵਜੂਦ ਪੁਲਸ ਪ੍ਰਸ਼ਾਸ਼ਨ ਨੇ ਪਿੰਡ ਨੂੰ ਮਹਿਜ਼ ਸੀਲ ਕਰਕੇ ਪੁਲਸ ਦਾ ਪਹਿਰਾ ਲਾਇਆ ਹੈ।
ਇਸ ਦੌਰਾਨ ਦੱਸਿਆ ਜਾ ਰਿਹਾ ਹੈ ਇਨ੍ਹਾਂ ਦਿਨਾਂ 'ਚ ਐਕਟਿਵ ਆਏ ਮਰੀਜ਼ਾਂ ਵੱਲੋਂ ਪਿੰਡ 'ਚ ਦੁਕਾਨ ਵੀ ਖੋਲ੍ਹੀ ਗਈ ਸੀ ਅਤੇ ਪਿੰਡ 'ਚ ਲੰਗਰ ਵੀ ਲਾਇਆ ਗਿਆ ਸੀ। ਇਸ ਦੇ ਨਾਲ ਹੀ ਪਾਜ਼ੇਟਿਵ ਆਏ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਪਿੰਡ ਤੋਂ ਬਾਹਰ ਵਿਚਰਦੇ ਵੀ ਰਹੇ ਹਨ, ਜੋ ਹੁਣ ਸਿਹਤ ਮਹਿਕਮੇ ਲਈ ਵੱਡੀ ਸਿਰਦਰਦੀ ਬਣ ਸਕਦੇ ਹਨ। ਸਿਹਤ ਮਹਿਕਮਾ ਹੁਣ ਅੱਜ ਪਿੰਡ ਦੇ ਨਾਲ-ਨਾਲ ਹੋਰਨਾਂ ਇਲਾਕਿਆਂ 'ਚ ਵੀ ਸੈਪਲਿੰਗ ਕਰਨ ਜਾ ਰਿਹਾ ਹੈ।