ਸਬਜੀ ਮੰਡੀ ਟਾਂਡਾ ''ਚ ਇਕੱਠੇ ਹੋਏ ਹਜੂਮ ਨੇ ਪੁਲਸ ਨੂੰ ਪੜਨੇ ਪਾਇਆ
Wednesday, Apr 22, 2020 - 02:09 PM (IST)
ਟਾਂਡਾ (ਜਸਵਿੰਦਰ)— ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਪੂਰੀ ਦੁਨੀਆ ਅੰਦਰ ਸੰਨਾਟਾ ਛਾਇਆ ਹੋਇਆ ਹੈ ਅਤੇ ਸਰਕਾਰਾ ਵੱਲੋਂ 3 ਮਈ ਤੱਕ ਕਰਫਿਊ ਲਗਾਇਆ ਹੈ। ਕਰਫਿਊ ਨੂੰ ਲੈ ਕੇ ਡੀ.ਸੀਜ਼ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਕਰਫਿਊ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਲੋਕ ਧੱਜੀਆਂ ਉਡਾ ਰਹੇ ਹਨ। ਸਵੇਰੇ ਤੜਕਸਾਰ ਤੋਂ ਹੀ ਵੱਡੀ ਗਿਣਤੀ 'ਚ ਲੋਕਾਂ ਦਾ ਹਜੂਮ ਸਬਜੀ ਮੰਡੀ 'ਚ ਜੁੜਨਾ ਸ਼ੁਰੂ ਹੋ ਜਾਦਾ ਹੈ ਅਤੇ ਬਿਨਾ ਕਿਸੇ ਬੀਮਾਰੀ ਦੇ ਡਰ ਤੋਂ ਲੋਕ ਇਕ-ਦੂਜੇ ਤੋਂ ਅੱਗੇ ਹੋ ਕੇ ਮੰਡੀ 'ਚੋਂ ਖਰੀਦਦਾਰੀ ਕਰਨ ਨੂੰ ਤਰਜੀਹ ਦਿੰਦੇ ਹਨ। ਦੂਜੇ ਪਾਸੇ ਸਵੇਰੇ ਤੜਕੇ ਕਰੀਬ 4 ਵਜੇ ਚਲਦੀ ਇਸ ਮੰਡੀ ਵਿਚ ਜੁੜੇ ਹਜੂਮ ਨੂੰ ਹਟਾਉਣ ਨੂੰ ਜਦੋਂ 6 ਕੁ ਵਜੇ ਪੁਲਸ ਮੰਡੀ 'ਚ ਪਹੁੰਚਦੀ ਹੈ ਤਾਂ ਲੋਕ ਇੱਧਰ-ਉੱਧਰ ਹੋ ਜਾਂਦੇ ਹਨ।
ਕੁਝ ਲੋਕਾਂ ਦੇ ਨਾਲ-ਨਾਲ ਮੰਡੀ ਅੰਦਰ ਦੁਕਾਨਦਾਰੀ ਕਰਦੇ ਲੋਕਾਂ ਨੇ ਆਪਣਾ ਨਾਮ ਨਾ ਛਪਣ ਦੀ ਸ਼ਰਤ 'ਤੇ ਦੱਸਿਆ ਕਿ ਟਾਂਡਾ ਪੁਲਸ ਦਾ ਵੀ ਲੋਕਾਂ ਨੂੰ ਇਕੱਠਾ ਕਰਨ ਅਤੇ ਬਾਅਦ 'ਚ ਖਿਡਾੳੁਣਾ ਦੋਹਰਾ ਮਾਪਦੰਡ ਹੈ। ਜੇਕਰ ਪੁਲਸ ਚਾਹੇ ਭੀੜ ਨੂੰ ਕੰਟਰੋਲ ਕਰਨ ਲਈ ਸਵੇਰੇ ਤੜਕੇ ਤੋਂ ਹੀ ਪਾਸ ਚੈੱਕ ਕਰਕੇ ਵਾੜ ਸਕਦੀ ਹੈ। ਸਵੇਰੇ ਤੜਕੇ ਚਾਰ ਵਜੇ ਇਕੱਠੇ ਹੋਏ ਲੋਕਾਂ ਦੇ ਹਜੂਮ ਨੂੰ ਖਿਡਾੳੁਣ ਲਈ ਲਾਠੀਚਾਰਜ ਤੱਕ ਕਰ ਦੇਣਾ ਕਿੰਨਾ ਕੁ ਜਾਇਜ਼ ਹੈ। ਜਿਸ ਦੌਰਾਨ ਪਾਸ ਪ੍ਰਾਪਤ ਕਰਕੇ ਆਏ ਲੋਕਾਂ ਨੂੰ ਪੁਲਸ ਦੀ ਮਾਰ ਦਾ ਸ਼ਿਕਾਰ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ।
ਦੂਜੇ ਪਾਸੇ ਮੰਡੀ ਅੰਦਰ ਸਬਜੀ ਦੀਆਂ ਦੁਕਾਨਾਂ ਲਗਾ ਕੇ ਬੈਠੇ ਦੁਕਾਨਦਾਰਾਂ ਨੇ ਵੀ ਆਪਣਾ ਰੋਣਾ ਰੋਦਿਆ ਦੱਸਿਆ ਕਿ ਸਵੇਰੇ ਤੜਕੇ ਤੋਂ ਦੁਕਾਨਾਂ ਲਗਾ ਕੇ ਗਾਹਕ ਦੀ ਉਡੀਕ ਕਰਦੇ ਹਾਂ ਅਤੇ ਜਦੋਂ ਗਾਹਕ ਪੈਂਦਾ ਹੈ ਤਾਂ ਪੁਲਸ ਦੀ ਸਖਤੀ ਦਾ ਸਿਕਾਰ ਹੋਣ ਲਈ ਮਜਬੂਰ ਹੋਣਾ ਪੈਦਾ ਹੈ। ਜਿਸ ਦੇ ਚਲਦਿਆਂ ਖਰੀਦੀ ਸਬਜੀ ਦੇ ਪੈਸੇ ਵੀ ਪੂਰੇ ਨਹੀਂ ਹੁੰਦੇ। ਨੁਕਸਾਨ ਕਰਵਾ ਕੇ ਘਰਾਂ ਨੂੰ ਪਰਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਪੁਲਸ ਨਿਯਮ ਬਣਾਏ ਕਿ ਸਬਜੀ ਮੰਡੀ ਅੰਦਰ ਸਿਰਫ ਪਾਸ ਹੋਲਡਰ ਹੀ ਜਾਣਗੇ, ਜਿਸ ਨਾਲ ਨਾ ਤਾਂ ਸਬਜੀ ਮੰਡੀ ਅੰਦਰ ਜ਼ਿਆਦਾ ਭੀੜ ਪਵੇਗੀ ਅਤੇ ਨਾ ਹੀ ਕਿਸੇ ਦਾ ਨੁਕਸਾਨ ਹੋਵੇਗਾ।
ਜ਼ਿਕਰਯੋਗ ਹੈ ਕਿ ਸਬਜੀ ਮੰਡੀ 'ਚ ਭੀੜ ਨੂੰ ਹਟਾਉਣ ਲਈ ਪੁਲਸ ਨੇ ਬਲ ਦਾ ਪ੍ਰਯੋਗ ਕੀਤਾ ਤਾਂ ਲੋਕਾ ਨੇ ਬਾਹਰ ਰੇਹੜੀਆ ਫੜੀਆ ਲਗਾ ਕੇ ਬੈਠੇ ਦੁਕਾਨਦਾਰਾਂ ਕੋਲ ਮੰਡੀ ਲਗਾ ਦਿੱਤੀ, ਜਿਸ ਦਾ ਕਾਫੀ ਸਮੇਂ ਬਾਅਦ ਪੁਲਸ ਨੂੰ ਪਤਾ ਚਲਣ 'ਤੇ ਪੁਲਸ ਨੇ ਉਨ੍ਹਾਂ ਨੂੰ ਖਦੇੜਿਆ।ਇਥੇ ਦੱਸ ਦੇਈਏ ਤੇਜ਼ੀ ਨਾਲ ਫੈਰ ਰਹੇ ਕੋਰੋਨਾ ਨੇ ਪੁਲਸ ਅਤੇ ਲੋਕਾਂ ਨੂੰ ਲੁਕਣਮੀਚੀ ਵਾਲਾ ਖੇਡ ਖੇਡਣ ਲਈ ਮਜਬੂਰ ਕੀਤਾ ਹੋਇਆ ਹੈ, ਜਿਸ ਦੇ ਚਲਦਿਆਂ ਜਿੱਥੇ ਲੋਕਾਂ ਦਾ ਇਕੱਠ ਨਾ ਕਰਨ ਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਸਹੀਤਾ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਲੋਕ ਪ੍ਰਸਾਸਨਿਕ ਅਧਿਕਾਰੀਆਂ ਨੂੰ ਸਿੱਧਾ ਚੈਲੰਜ ਕਰ ਰਹੇ ਹਨ।