ਇਸ ਬਜ਼ੁਰਗ ਜੋੜੇ ਦੀ 'ਗੋਲਡਨ ਜੁਬਲੀ' 'ਤੇ ਪੁਲਸ ਨੇ ਸੰਜੋਏ ਯਾਦਗਾਰੀ ਪਲ (ਤਸਵੀਰਾਂ)
Thursday, May 07, 2020 - 12:48 PM (IST)
ਬਰਨਾਲਾ (ਪੁਨੀਤ)— ਕਿਸੇ ਟਾਈਮ ਪੰਜਾਬ 'ਚ ਕੋਈ ਮਾਹੌਲ ਸੀ ਕਿ ਜਦੋਂ ਲੋਕ ਪੰਜਾਬ ਪੁਲਸ ਦੇ ਨਾਂ ਤੋਂ ਡਰਿਆ ਕਰਦੇ ਸਨ ਪਰ ਅੱਜ ਪੰਜਾਬ ਪੁਲਸ ਦਾ ਜਿਹੜਾ ਕਿਰਦਾਰ ਹੁਣ ਦੇਖਣ ਨੂੰ ਮਿਲ ਰਿਹੈ, ਉਸ ਨੂੰ ਸ਼ਾਇਦ ਲੋਕ ਛੇਤੀ ਨਹੀਂ ਭੁੱਲਣਗੇ। ਅੱਜ ਪੰਜਾਬ ਪੁਲਸ ਪਰਿਵਾਰਾਂ ਨਾਲ ਪ੍ਰੇਮ, ਪਿਆਰ ਮਿੱਤਰਤਾ ਦੇ ਸਬੰਧ ਜੋੜਦਾ ਇਕ ਵੱਖਰਾ ਰੂਪ ਨਜ਼ਰ ਆ ਰਿਹਾ ਹੈ, ਜਿੱਥੇ ਪੰਜਾਬ ਪੁਲਸ ਆਪਣੀ ਡਿਊਟੀ ਫਰੰਟ 'ਤੇ ਆ ਕੇ ਦਿਨ ਰਾਤ ਲੱਗੀ ਹੋਈ ਹੈ।
ਪੰਜਾਬ ਪੁਲਸ ਜਿੱਥੇ ਕੋਰੋਨਾ ਵਾਇਰਸ ਖਿਲਾਫ ਸੜਕਾਂ 'ਤੇ ਡਟੀ ਹੋਈ ਹੈ, ਉੱਥੇ ਹੀ ਘਰਾਂ 'ਚ ਖ਼ੁਸ਼ੀਆਂ ਵੰਡਦੇ ਵੀ ਨਜ਼ਰ ਆ ਰਹੀ ਹੈ। ਅਜਿਹਾ ਹੀ ਇਕ ਮਾਮਲਾ ਬਰਨਾਲਾ 'ਚ ਨਜ਼ਰ ਆਇਆ, ਜਿੱਥੇ ਪੁਲਸ ਵੱਲੋਂ ਬਜ਼ੁਰਗ ਜੋੜੇ ਦੀ ਗੋਲਡਨ ਜੁਬਲੀ ਯਾਨੀ ਕਿ 50ਵੀਂ ਵਰ੍ਹੇਗੰਢ ਮਨਾਈ ਗਈ। ਇਕ ਬਜ਼ੁਰਗ ਜੋੜਾ ਇਕੱਲਾ ਹੀ ਆਪਣੇ ਬੁਢਾਪੇ ਦੇ ਦਿਨ ਬਤੀਤ ਕਰ ਰਿਹਾ ਹੈ ਅਤੇ ਬੀਮਾਰੀ ਦੇ ਅਧੀਨ ਆਪਣਾ ਇਲਾਜ ਘਰ 'ਚ ਹੀ ਕਰਵਾ ਰਿਹਾ ਹੈ।
ਕਰਫਿਊ ਦੌਰਾਨ ਜਦੋਂ ਪੁਲਸ ਪ੍ਰਸ਼ਾਸਨ ਨੂੰ ਇਸ ਬਜ਼ੁਰਗ ਜੋੜੇ ਬਾਰੇ ਪਤਾ ਚੱਲਿਆ ਕਿ ਇਨ੍ਹਾਂ ਦੀ ਅੱਜ ਗੋਲਡਨ ਜੁਬਲੀ ਹੈ ਤਾਂ ਇਸ ਬਜ਼ੁਰਗ ਜੋੜੇ ਦਾ ਇਕੱਲਾਪਣ ਦੂਰ ਕਰਨ ਲਈ ਪੁਲਸ ਪ੍ਰਸ਼ਾਸਨ ਆਪਣੀ ਟੀਮ ਸਮੇਤ ਕੇਕ ਲੈ ਕੇ ਇਨ੍ਹਾਂ ਦੇ ਘਰ ਪੁੱਜੀ ਅਤੇ ਬਜ਼ੁਰਗ ਜੋੜੇ ਦਾ ਸਰੋਪਿਆਂ ਨਾਲ ਸਨਮਾਨਤ ਕੀਤਾ ਅਤੇ ਕੇਕ ਕੱਟ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਬਜ਼ੁਰਗ ਜੋੜੇ ਦੇਵਕੀ ਨੰਦਨ ਅਤੇ ਚੰਦਰਕਾਂਤਾ ਨੇ ਭਾਵੁਕ ਹੁੰਦੇ ਕਿਹਾ ਕਿ ਅਸੀਂ ਪੁਲਸ ਦਾ ਸਾਇਰਨ ਸੁਣ ਕੇ ਇਕ ਵਾਰ ਘਬਰਾ ਗਏ ਸਨ ਕਿ ਕੀ ਗੱਲ ਹੋ ਗਈ ਪੁਲਸ ਘਰੇ ਆ ਰਹੀ ਹੈ ਪਰ ਜਦੋਂ ਉਨ੍ਹਾਂ ਨੇ ਸਾਨੂੰ ਸਾਡੇ ਗੋਲਡਨ ਜੁਬਲੀ ਵਰ੍ਹੇਗੰਢ ਦੀ ਵਧਾਈ ਦਿੱਤੀ ਤਾਂ ਸਾਨੂੰ ਹੈਰਾਨੀ ਵੀ ਹੋਈ ਅਤੇ ਦਿਲੋਂ ਖੁਸ਼ੀ ਵੀ ਹੋਈ। ਭਾਵੁਕ ਹੁੰਦੇ ਬਜ਼ੁਰਗ ਜੋੜੇ ਨੇ ਕਿਹਾ ਕਿ ਸਾਡੇ ਕੋਲ ਇਸ ਖੁਸ਼ੀ ਅਤੇ ਯਾਦਗਾਰੀ ਪਲਾਂ ਵਾਸਤੇ ਕੋਈ ਸ਼ਬਦ ਨਹੀਂ ਹਨ।
ਪੁਲਸ ਮੁਲਾਜ਼ਮ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਚੱਲਿਆ ਕਿ ਇਹ ਬਜ਼ੁਰਗ ਜੋੜਾ ਇਕੱਲਾ ਰਹਿ ਰਿਹਾ ਹੈ ਅਤੇ ਦੇਵਕੀ ਨੰਦਨ ਬੀਮਾਰ ਚੱਲਦਾ ਹੈ, ਜਿਸ ਦਾ ਇਲਾਜ ਘਰ 'ਚ ਹੀ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਦੀ ਗੋਲਡਨ ਜੁਬਲੀ ਵਰ੍ਹੇਗੰਢ ਸੀ ਤਾਂ ਅਸੀਂ ਅੱਜ ਇਨ੍ਹਾਂ ਬਜ਼ੁਰਗਾਂ ਦਾ ਅਸ਼ੀਰਵਾਦ ਲੈਣ ਅਤੇ ਇਕ ਪ੍ਰੇਮ-ਪਿਆਰ ਦੇ ਸੰਬੰਧ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਇਨ੍ਹਾਂ ਦੀ ਵਰ੍ਹੇਗੰਢ ਖੁਸ਼ੀ ਨਾਲ ਮਨਾਉਣ ਇਥੇ ਆਏ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਅਪੀਲ ਵੀ ਕਰਦੇ ਹਾਂ ਕਿ ਅਸੀਂ ਡਿਊਟੀ 'ਤੇ ਹਾਂ ਤਾਂ ਤੁਸੀਂ ਘਰ ਰਹਿ ਕੇ ਕੋਰੋਨਾ ਵਾਇਰਸ ਖਿਲਾਫ ਡਟੇ ਰਹੋ ਤਾਂ ਜੋ ਅਸੀਂ ਇਸ ਬੀਮਾਰੀ ਤੋਂ ਨਿਜਾਤ ਪਾ ਸਕੀਏ।