ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ

Wednesday, Apr 01, 2020 - 07:12 PM (IST)

ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ

ਨਵਾਂਸ਼ਹਿਰ— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 46 ਕੇਸ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ 'ਚ ਸਭ ਤੋਂ ਪਹਿਲੀ ਮੌਤ ਨਵਾਂਸ਼ਹਿ ਦੇ ਪਿੰਡ ਪਠਲਾਵਾ 'ਚ ਬਲਦੇਵ ਸਿੰਘ ਦੀ ਮੌਤ ਹੋਈ ਸੀ, ਜੋ ਕਿ ਇਟਲੀ ਤੋਂ ਪੰਜਾਬ ਆਏ ਸਨ। ਬਲਦੇਵ ਦੀ ਮੌਤ ਤੋਂ ਬਾਅਦ ਹੁਸ਼ਿਆਰਪੁਰ 'ਚ ਹਰਭਜਨ ਸਿੰਘ ਦੀ ਮੌਤ ਵੀ ਕੋਰੋਨਾ ਕਰਕੇ ਹੀ ਹੋਈ ਸੀ, ਜੋਕਿ ਬਲਦੇਵ ਸਿੰਘ ਦੇ ਹੀ ਸੰਪਰਕ 'ਚ ਸਨ। ਇਸ ਤੋਂ ਬਾਅਦ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾਣ ਲੱਗ ਗਿਆ। ਕੋਰੋਨਾ ਦੇ ਡਰ ਕਰਕੇ ਹੀ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਸੀਲ ਕਰ ਲਿਆ ਹੈ। ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸੇ ਨੂੰ ਲੈ ਕੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਬਲਦੇਵ ਸਿੰਘ ਬਾਰੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਇੱਕੋ ਦਿਨ 4 ਪਾਜ਼ੇਟਿਵ ਕੇਸ, ਕੁੱਲ ਗਿਣਤੀ 45 'ਤੇ ਪੁੱਜੀ

ਚਿੱਠੀ ਲਿਖਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਸਾਰੇ ਪਿੰਡ ਪਠਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਹਾਂ। ਪਿਛਲੇ ਦਿਨੀਂ ਸਾਡੇ ਪਿੰਡ ਦੇ ਬਲਦੇਵ ਸਿੰਘ ਜੀ ਦੀ ਦਿਲ ਦੇ ਦੌਰੇ ਨਾਲ ਹੋਈ। ਮੌਤ ਪਿਛੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਵੀ ਸੀ। ਬਲਦੇਵ ਸਿੰਘ ਸਬੰਧੀ ਕੁਝ ਗਲਤ ਖਬਰਾਂ ਅਤੇ ਝੂਠੀਆਂ ਅਫਵਾਹਾਂ ਵੀ ਫੈਲੀਆਂ। ਇਨ੍ਹਾਂ ਝੂਠੀਆਂ ਖਬਰਾਂ 'ਚ ਕਿਹਾ ਗਿਆ ਕਿ ਬਲਦੇਵ ਸਿੰਘ ਨੂੰ ਆਪਣੀ ਬੀਮਾਰੀ ਬਾਰੇ ਪਤਾ ਸੀ ਅਤੇ ਉਸ ਨੇ ਜਾਣ-ਬੁੱਝ ਕੇ ਇਸ ਗੱਲ ਨੂੰ ਲੁਕੋਇਆ। ਤੁਸੀਂ ਇਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਤੋਂ ਕਰ ਸਕਦੇ ਹੋ ਕਿ ਬਲਦੇਵ ਸਿੰਘ ਅੰਦਰ ਕੋਰੋਨਾ ਵਾਇਰਸ ਹੋਣ ਦਾ ਪਤਾ ਉਸ ਦੀ ਮੌਤ ਤੋਂ ਬਾਅਦ ਹੀ ਲੱਗਾ। ਅੱਗੇ ਲਿਖਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਬਲਦੇਵ ਸਿੰਘ ਨੂੰ ਕਿਸੇ ਨੇ ਅਲਿਹਦਗੀ 'ਚ ਰਹਿਣ ਬਾਰੇ ਨਹੀਂ ਕਿਹਾ ਸੀ। ਪਰ ਬਲਦੇਵ ਸਿੰਘ ਬਾਰੇ ਝੂਠੀਆਂ ਖਬਰਾਂ ਹੁਣ ਅੰਤਰਰਾਸ਼ਟਰੀ ਮੀਡੀਏ 'ਚ ਵੀ ਪਹੁੰਚ ਚੁੱਕੀਆਂ ਹਨ। ਇਸ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ।

PunjabKesari
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਚੰਗੀ ਖਬਰ, ਕੋਰੋਨਾ ਦੇ 113 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ

ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਸਿੱਧੂ ਮੂਸੇਵਾਲ ਨੇ ਕੀਤੀ 
ਅੱਗੇ ਲਿਖਦੇ ਹੋਏ ਉਨ੍ਹਾਂ ਦੱਸਿਆ ਕਿ ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਅਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਨੇ ਕੀਤੀ ਹੈ। ਸਿੱਧੂ ਮੂਸੇਵਾਲੇ ਨੇ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਫੈਲਾਉਣ ਵਾਸਤੇ ਦੋਸ਼ੀ ਗਰਦਾਨਦਿਆਂ ਇਕ ਗਾਣਾ ਗਾਇਆ ਸੀ। ਇਸ ਗਾਣੇ 'ਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ ਤੱਕ ਕਹਿ ਦਿੱਤਾ ਗਿਆ ਹੈ। ਅੱਗੇ ਲਿਖਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਸਾਹਿਬ ਜੀ ਦੇ ਧਿਆਨ 'ਚ ਲਿਆਉਣ ਚਾਹੁੰਦੇ ਹਨ ਕਿ ਸਿੱਧੂ ਮੂਸੇਵਾਲੇ 'ਤੇ ਪਿਛਲੇ ਮਹੀਨੇ 2 ਫਰਵਰੀ ਨੂੰ ਮਾਨਸਾ ਦੇ ਸਦਰ ਠਾਣੇ 'ਚ ਹਿੰਸਾ ਭੜਕਾਉਣ ਵਾਸਤੇ ਪਰਚਾ ਹੋਇਆ। ਪੁਲਸ ਰਿਕਾਰਡ 'ਚ ਉਹ ਮੁਲਜ਼ਮ ਹੈ।

PunjabKesari

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

ਇਕ ਮੁਲਜ਼ਮ ਵੱਲੋਂ ਬਲਦੇਵ ਸਿੰਘ ਨੂੰ ਬਦਨਾਮ ਕਰਨ ਵਾਸਤੇ ਗਾਏ ਗਾਣੇ ਨੂੰ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਵੱਲੋਂ ਆਪਣੇ ਟਵਿੱਟਰ ਖਾਤੇ ਤੋਂ ਸਾਂਝਾ ਕੀਤਾ ਗਿਆ ਹੈ। ਪਿਛਲੇ ਦਿਨੀਂ ਦਿਨਕਰ ਗੁਪਤਾ ਜੀ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਬਦਨਾਮ ਕਰਨ ਵਾਲਾ ਬਿਆਨ ਵੀ ਦਿੱਤਾ ਸੀ। ਹੁਣ ਉਨ੍ਹਾਂ ਵਲੋਂ ਇਕ ਮਰ ਚੁੱਕੇ ਮਰੀਜ਼ ਨੂੰ ਬਦਨਾਮ ਕਰਨਾ ਸ਼ਰਮਨਾਕ ਹਰਕਤ ਹੈ। ਇਕ ਪਾਸੇ ਇਸ ਮੁਸ਼ਕਲ ਦੀ ਘੜੀ 'ਚ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੇਠਲੇ ਪੱਧਰ ਦੇ ਪੁਲਸ ਅਧਿਕਾਰੀ ਸਾਡੇ ਪਿੰਡ ਲਈ ਦੇਵਤੇ ਬਣ ਕੇ ਕੰਮ ਕਰ ਰਹੇ ਹਨ ਪਰ ਉੱਚ ਅਧਕਾਰੀ ਸਾਡੇ ਪਿੰਡ ਦੀ ਵਿਛੜੀ ਰੂਹ ਅਤੇ ਸਾਨੂੰ ਬਦਨਾਮ ਕਰ ਰਹੇ ਹਨ। ਝੂਠੀਆਂ ਖਬਰਾਂ ਅਤੇ ਪੰਜਾਬ ਪੁਲਸ ਮੁਖੀ ਵੱਲੋਂ ਸਾਂਝੇ ਕੀਤੇ ਸਿੱਧੂ ਮੂਸੇਵਾਲੇ ਦੇ ਗਾਣੇ ਕਾਰਨ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹ ਸਾਡੇ ਸਾਰਿਆਂ ਲਈ ਮਾਨਸਿਕ ਤਸੀਹੇ ਵਾਂਗ ਹੈ।

PunjabKesari
 

ਇਹ ਵੀ ਪੜ੍ਹੋ: ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ

ਸਿੱਧੂ ਮੂਸੇਵਾਲ ਖਿਲਾਫ ਹੋਵੇ ਪਰਚਾ ਦਰਜ 
ਸਾਡੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਲਦੇਵ ਸਿੰਘ ਬਾਰੇ ਛਪੀਆਂ ਝੂਠੀਆਂ ਖਬਰਾਂ ਦੀ ਨਿੰਦਾ ਕੀਤੀ ਜਾਵੇ ਅਤੇ ਸਪਸ਼ਟੀਕਰਨ ਦਿੱਤਾ ਜਾਵੇ। ਬਲਦੇਵ ਸਿੰਘ ਨੂੰ ਬਦਨਾਮ ਕਰਨ ਲਈ ਗਾਣਾ ਗਾਉਣ ਵਾਲੇ ਸਿੱਧੂ ਮੂਸੇਵਾਲੇ ਖਿਲਾਫ ਪਰਚਾ ਦਰਜ ਕੀਤਾ ਜਾਵੇ । ਉਸ ਦਾ ਗਾਣਾ ਯੂ-ਟਿਊਬ ਤੋਂ ਹਟਾਇਆ ਜਾਵੇ। ਇਸ ਦੇ ਨਾਲ ਹੀ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੂੰ ਤਾੜਣਾ ਕੀਤੀ ਜਾਵੇ ਅਤੇ ਟਵਿੱਟਰ ਤੋਂ ਗੀਤ ਦੇ ਸਾਂਝੇ ਕੀਤੇ ਲਿੰਕ ਨੂੰ ਡਿਲੀਟ ਕਰਵਾਇਆ ਜਾਵੇ। 

ਜੇ ਇਹ ਕਦਮ ਨਾ ਚੁੱਕੇ ਗਏ ਤਾਂ ਬਲਦੇਵ ਸਿੰਘ ਅਤੇ ਸਾਡੇ ਪਿੰਡ ਦੀ ਬਦਨਾਮੀ ਦੇਖ ਕੇ ਆਵਦੀ ਬਦਨਾਮੀ ਦੇ ਡਰੋਂ ਕਿਸੇ ਕੋਰੋਨਾ ਸ਼ੱਕੀ ਮਰੀਜ਼ ਨੇ ਆਵਦੇ ਲੱਛਣ ਡਾਕਟਰਾਂ ਨਾਲ ਸਾਂਝੇ ਨਹੀਂ ਕਰਨੇ। ਕੋਰੋਨਾ ਮਰੀਜ਼ਾਂ ਦੀ ਬਦਨਾਮੀ ਦਾ ਡਰ ਇਸ ਬੀਮਾਰੀ ਨੂੰ ਖਤਰਨਾਕ ਤਰੀਕੇ ਨਾਲ ਫੈਲਾ ਸਕਦਾ ਹੈ। ਕੀ ਦੇਸ਼ ਦੇ ਕਿਸੇ ਸੂਬੇ 'ਚ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ਾਂ ਨੂੰ ਇਸ ਤਰ੍ਹਾਂ ਸਰਕਾਰੀ ਤੌਰ 'ਤੇ ਬਦਨਾਮ ਕਰਨ ਦੀ ਮੁਹਿੰਮ ਚੱਲੀ ਹੈ? ਮਰੀਜ਼ਾਂ ਨੂੰ ਹਮਦਰਦੀ ਦੀ ਲੋੜ ਹੈ ਨਾ ਕਿ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੀ। ਇਹ ਕਦਮ ਬਲਦੇਵ ਸਿੰਘ, ਉਸ ਦੇ ਪਰਿਵਾਰ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਾਡੇ ਪਿੰਡ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਬਹੁਤ ਜ਼ਰੂਰੀ ਹਨ।

ਇਹ ਵੀ ਪੜ੍ਹੋ:ਜਲੰਧਰ 'ਚ ਹਾਲਾਤ ਵਿਗੜਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ


author

shivani attri

Content Editor

Related News