ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਪਰਿਵਾਰ ਨੇ ਅਸਥੀਆਂ ਚੁਗਣ ਸਬੰਧੀ ਸਿਹਤ ਵਿਭਾਗ ਨੂੰ ਕੀਤੀ ਇਹ ਬੇਨਤੀ
Sunday, Apr 05, 2020 - 08:01 PM (IST)
ਨਵਾਂਸ਼ਹਿਰ (ਮਨੋਰੰਜਨ)— ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦੇ ਸਵਰਗੀ ਬਲਦੇਵ ਸਿੰਘ ਸਿੰਘ ਦੇ ਪਰਿਵਾਰ ਨੇ ਅੱਜ ਸਿਹਤ ਵਿਭਾਗ ਰਾਹੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਨਾਲ ਸਬੰਧਤ ਰਸਮਾਂ ਉਹ ਆਪਣੇ ਹੱਥੀਂ ਨਿਭਾਉਣਾ ਚਾਹੁੰਦੇ ਹਨ। ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਕੋਵਿਡ-19 ਤੋਂ ਪੀੜਿਤ ਹੋਣ ਬਾਅਦ ਇਲਾਜ ਅਧੀਨ ਇਨ੍ਹਾਂ ਪਰਿਵਾਰਿਕ ਮੈਂਬਰਾਂ ਨੇ ਆਪਣੀ ਬੇਨਤੀ 'ਚ ਕਿਹਾ ਹੈ ਕਿ ਪਰਿਵਾਰ ਪਹਿਲਾਂ ਹੀ ਆਪਣੇ ਪਿਤਾ ਜੀ ਦੇ ਵਿਛੋੜੇ ਕਾਰਨ ਮਾਨਸਿਕ ਸਦਮੇ 'ਚ ਹੈ ਅਤੇ ਪਰਿਵਾਰ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਪਿਤਾ ਜੀ ਦੇ ਫੁਲ ਕੋਈ ਹੋਰ ਸੰਭਾਲੇ। ਉਨ੍ਹਾਂ ਕਿਹਾ ਕਿ ਉਹ ਹਸਪਤਾਲ ਤੋਂ ਛੁੱਟੀ ਮਿਲਣ ਬਾਅਦ ਇਹ ਕਾਰਜ ਆਪਣੇ ਹੱਥੀਂ ਕਰਨਾ ਚਾਹੁੰਦੇ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਉਹ ਪਰਿਵਾਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਇੱਛਾ ਮੁਤਾਬਕ ਹੀ ਚੱਲੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਪੰਜਾਬ 'ਚ ਕੋਰੋਨਾ ਨਾਲ ਹੋਈ ਸੀ ਬਲਦੇਵ ਸਿੰਘ ਦੀ ਸਭ ਤੋਂ ਪਹਿਲੀ ਮੌਤ
ਪੰਜਾਬ 'ਚ ਕੋਰੋਨਾ ਪ੍ਰਭਾਵਿਤ ਸਭ ਤੋਂ ਪਹਿਲੀ ਮੌਤ 18 ਮਾਰਚ ਨੂੰ ਪਿੰਡ ਪਠਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਬਾਬਾ ਬਲਦੇਵ ਸਿੰਘ ਦੀ ਹੋਈ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਹੋਏ 16 ਦਿਨ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਦੇ ਫੁਲ ਨਹੀਂ ਚੁਗੇ ਗਏ ਹਨ। ਬਾਬਾ ਬਲਦੇਵ ਸਿੰਘ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਵਿਚ ਹੀ ਰੱਖੇ ਗਏ ਹਨ, ਕਰਫਿਊ ਅਤੇ ਪਿੰਡ ਸੀਲ ਕੀਤਾ ਹੋਣ ਕਾਰਨ ਪਿੰਡ ਦੇ ਲੋਕ ਇਹ ਕੰਮ ਪ੍ਰਸ਼ਾਸਨ ਤੋਂ ਬਿਨਾਂ ਆਪ ਨਹੀਂ ਕਰ ਸਕਦੇ। ਪ੍ਰਸ਼ਾਸਨ ਨੇ ਇਸ ਪਾਸੇ ਹਾਲੇ ਤੱਕ ਕਿਉਂ ਧਿਆਨ ਨਹੀਂ ਦਿੱਤਾ, ਇਹ ਇਕ ਵੱਡਾ ਸਵਾਲ ਆਮ ਲੋਕਾਂ ਦੇ ਜ਼ਿਹਨ 'ਚ ਉੱਠ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ
ਪਿੰਡ ਪਠਲਾਵਾ 'ਚ 18 ਲੋਕ ਹਾਲੇ ਵੀ ਹਨ ਕੋਰੋਨਾ ਪਾਜ਼ੇਟਿਵ
ਪਿੰਡ ਪਠਲਾਵਾ (ਨਵਾਂਸ਼ਹਿਰ) ਪੰਜਾਬ ਦਾ ਇਕ-ਇਕੋ ਅਜਿਹਾ ਪਿੰਡ ਹੈ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਪਾਏ ਗਏ ਹਨ। ਬਾਬਾ ਬਲਦੇਵ ਸਿੰਘ ਦੀ ਮੌਤ ਉਪਰੰਤ ਅੱਜ ਵੀ 18 ਲੋਕ ਕੋਰੋਨਾ ਤੋਂ ਪੀੜਤ ਹਨ, ਜਿਸ 'ਚ ਪਿੰਡ ਦਾ ਸਰਪੰਚ ਅਤੇ ਉਸ ਦੀ ਮਾਤਾ ਵੀ ਸ਼ਾਮਲ ਹੈ। ਇਹ ਸਾਰੇ ਲੋਕ ਨਵਾਂਸ਼ਹਿਰ ਜ਼ਿਲਾ ਹੈੱਡਕੁਆਰਟਰ ਤੇ ਸਰਕਾਰੀ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਵੱਲੋਂ ਬੀਤੇ ਦਿਨ ਇਨ੍ਹਾਂ ਵਿਚੋਂ ਅੱਧਾ ਦਰਜਨ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦਾ ਮੁੜ ਸੈਂਪਲ ਲੈ ਕੇ ਟੈਸਟ ਕਰਨ ਲਈ ਭੇਜਿਆ ਗਿਆ। ਸਿਹਤ ਵਿਭਾਗ ਹਰ 14 ਦਿਨਾਂ ਉਪਰੰਤ ਅਜਿਹੇ ਟੈਸਟ ਕਰਵਾ ਕੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਥਿਤੀ ਦਾ ਪਤਾ ਕਰਦਾ ਰਹਿੰਦਾ ਹੈ। ਪਿੰਡ ਦੇ ਆਮ ਲੋਕਾਂ ਦੇ ਚੈੱਕਅਪ ਲਈ ਮਹਿਕਮੇ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਹਨ। ਪਿੰਡ ਵਿਚ ਸਪੈਸ਼ਲਿਸਟ ਡਾਕਟਰਾਂ ਦੀਆਂ ਟੀਮਾਂ ਰੈਗੂਲਰ ਜਾ ਰਹੀਆਂ ਹਨ ਅਤੇ ਲੋਕਾਂ ਦਾ ਚੈੱਕਅਪ ਕਰਕੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਇਹ ਵੀ ਪੜ੍ਹੋ: ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ
ਅੰਕੜਿਆਂ ਦੀ ਨਜ਼ਰ 'ਚ ਪਠਲਾਵਾ
ਪਿੰਡ ਪਠਲਾਵਾ ਜ਼ਿਲਾ ਨਵਾਂਸ਼ਹਿਰ ਦੀ ਤਹਿਸੀਲ ਬੰਗਾ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਪਿੰਡ ਦੇ ਨਾਲ ਜ਼ਿਲਾ ਹੁਸ਼ਿਆਰਪੁਰ ਦਾ ਪਿੰਡ ਮੋਰਾਂਵਾਲੀ ਦੋ ਕਿਲੋਮੀਟਰ ਦੂਰੀ 'ਤੇ ਹੈ। ਪਿੰਡ ਦੀ ਕੁੱਲ ਆਬਾਦੀ : 2038 ਹੈ ਜਦਕਿ ਪੁਰਸ਼ਾਂ ਦੀ ਗਿਣਤੀ : 1004 ਹੈ, ਔਰਤਾਂ ਦੀ ਗਿਣਤੀ : 1034 ਹੈ ਜਦਕਿ ਬੱਚੇ (0 ਤੋਂ 6 ਸਾਲ) : ਲੜਕੇ 92, ਲੜਕੀਆਂ ਦੀ ਗਿਣਤੀ 70 ਹੈ। ਇਹ ਅੰਕੜੇ 2011 ਦੀ ਜਨਗਣਨਾ ਦੇ ਮੁਤਾਬਕ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ
ਜਾਣੋ ਪੰਜਾਬ 'ਚ ਹੋਈਆਂ ਮੌਤਾਂ ਦਾ ਵੇਰਵਾ
ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪਰਤਿਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਹੋਈ, ਜੋ ਅੰਮ੍ਰਿਤਸਰ 'ਚ ਦਾਖਲ ਸੀ। ਤੀਜੇ ਮਾਮਲੇ 'ਚ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ, ਜਦਕਿ 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ ਜਦਕਿ ਕੋਰੋਨਾ ਨਾਲ ਛੇਵੀਂ ਮੌਤ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ।
ਇਹ ਵੀ ਪੜ੍ਹੋ: ਵੱਡੀ ਖਬਰ : ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਛੇਵੀਂ ਮੌਤ
ਭਾਰਤ 'ਚ ਕੋਰੋਨਾ ਦੀ ਸਥਿਤੀ
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤਕ 62,399 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ ਭਾਰਤ ਵਿਚ ਇਸ ਨਾਲ 79 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 3072 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਪੰਜਾਬ ਵਿਚ ਹੁਣ ਤਕ ਇਸ ਵਾਇਰਸ ਨਾਲ 6 ਲੋਕਤਾਂ ਦੀ ਮੌਤ ਹੋ ਚੁੱਕੀ ਹੈ ਜਦਕਿ 30 ਮਰੀਜ਼ ਇਸ ਨਾਲ ਪਾਜ਼ੇਟਿਵ ਪਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ''ਚ 68 ਹੋਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ, ਦੋਰਾਹਾ ''ਚ ਵੀ ਮਿਲਿਆ ਮਰੀਜ਼
ਇਹ ਵੀ ਪੜ੍ਹੋ :ਪੁਲਸ ਹੱਥ ਲੱਗੀ ਵੱਡੀ ਸਫਲਤਾ, ਕਰਫਿਊ ਦੌਰਾਨ ਹੁਸ਼ਿਆਰਪੁਰ 'ਚੋਂ 1 ਕਰੋੜ ਦੀ ਸ਼ਰਾਬ ਜ਼ਬਤ