ਜ਼ਿਲਾ ਮੋਹਾਲੀ ''ਚ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਕੋਈ ਜਾਗਰੂਕਤਾ ਨਹੀਂ

03/06/2020 4:02:54 PM

ਮੋਹਾਲੀ (ਰਾਣਾ) : ਸਿਹਤ ਵਿਭਾਗ ਵਲੋਂ ਹੀ ਦੱਸਿਆ ਗਿਆ ਹੈ ਕਿ ਹੁਣ ਤਕ ਜ਼ਿਲੇ 'ਚ ਲਗਭਗ 300 ਲੋਕ ਡਾਕਟਰਾਂ ਦੀ ਨਿਗਰਾਨੀ 'ਚ ਹਨ ਅਤੇ ਜ਼ਿਲੇ ਵਿਚ ਵੀ ਕਈ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਰਿਪੋਰਟ ਜਾਂਚ ਲਈ ਭੇਜੀ ਗਈ ਸੀ ਪਰ ਸਾਰੀਆਂ ਨੈਗੇਟਿਵ ਆਈਆਂ ਅਤੇ ਅਜੇ ਇਕ ਦੀ ਰਿਪੋਰਟ ਆਉਣੀ ਬਾਕੀ ਹੈ ਜੋ ਸ਼ੁੱਕਰਵਾਰ ਨੂੰ ਆ ਜਾਵੇਗੀ ਪਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਕੋਰੋਨਾ ਵਾਇਰਸ ਦਾ ਨਾਂ ਸੁਣਦੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਜਿਹਾ ਬਣ ਜਾਂਦਾ ਹੈ, ਇਸ ਤੋਂ ਨਜਿੱਠਣ ਲਈ ਨਾ ਤਾਂ ਸਿਹਤ ਵਿਭਾਗ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਕੋਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਫਿਰ ਆਮ ਜਨਤਾ ਨੂੰ ਇਸ ਖਤਰਨਾਕ ਰੋਗ ਤੋਂ ਛੁਟਕਾਰਾ ਕਿਵੇਂ ਮਿਲੇਗਾ।

ਸਾਰੇ ਲੋਕ ਡਰੇ ਹੋਏ ਹਨ
ਉਥੇ ਹੀ ਸ਼ਹਿਰ ਦੇ ਅਕਾਲੀ ਕੌਂਸਲਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਇਸ ਮੌਕੇ ਸਾਰੇ ਲੋਕ ਡਰੇ ਹੋਏ ਹਨ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਹੈ ਕੀ ਅਤੇ ਇਸ ਤੋਂ ਬਚਣ ਦੇ ਤਰੀਕੇ ਕੀ ਹਨ। ਜਦੋਂ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸ਼ਹਿਰ ਵਿਚ ਹੀ ਰਹਿੰਦੇ ਹਨ, ਉਸ ਦੇ ਬਾਵਜੂਦ ਵੀ ਜ਼ਿਲੇ ਵਿਚ ਤਾਂ ਦੂਰ ਦੀ ਗੱਲ ਹੈ ਸਿਰਫ ਸ਼ਹਿਰ ਵਿਚ ਹੀ ਹੁਣ ਤਕ ਇਕ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਜਾਗਰੂਕਤਾ ਮੁਹਿੰਮ ਨਹੀਂ ਚਲਾਈ ਗਈ। ਜਦੋਂ ਕਿ ਸਵਾਈਨ ਫਲੂ ਅਤੇ ਡੇਂਗੂ ਨਾਲ ਨਜਿੱਠਣ ਲਈ ਘਰਾਂ ਵਿਚ ਜਾ-ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਅਤੇ ਕੈਂਪ ਲਾਉਣ ਦੇ ਨਾਲ-ਨਾਲ ਬੈਨਰ ਵੀ ਲਾਏ ਗਏ ਸਨ ਪਰ ਇੰਨੇ ਖਤਰਨਾਕ ਰੋਗ ਨਾਲ ਨਜਿੱਠਣ ਲਈ ਹੁਣ ਤਕ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।

ਅਲੱਗ ਤੋਂ ਵਾਰਡ ਵੀ ਨਹੀਂ
ਉਥੇ ਹੀ ਕੌਂਸਲਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਸਿਵਲ ਹਸਪਤਾਲ ਤਾਂ ਖੁਦ ਹੀ ਬੀਮਾਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਅਲੱਗ ਤੋਂ ਆਈਸੋਲੇਸ਼ਨ ਵਾਰਡ ਬਣਾਉਣਾ ਚਾਹੀਦਾ ਹੈ ਪਰ ਸਿਵਲ ਹਸਪਤਾਲ ਵਿਚ ਉਸ ਦੇ ਅੰਦਰ ਵਾਰਡ ਬਣਾਇਆ ਗਿਆ ਹੈ ਪਰ ਮਦਰ ਐਂਡ ਚਾਈਲਡ ਕੇਅਰ ਸੈਂਟਰ ਵਿਚ ਬਾਥਰੂਮਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਮਰੀਜ਼ ਇਕ ਵਾਰ ਜਾ ਕੇ ਦੂਜੀ ਵਾਰ ਉੱਥੇ ਨਹੀਂ ਜਾਵੇਗਾ। ਅਜਿਹੇ ਵਿਚ ਤਾਂ ਹਸਪਤਾਲਾਂ ਵਿਚ ਵੀ ਸਾਫ਼-ਸਫਾਈ ਚਾਹੀਦਾ ਹੈ ਪਰ ਸਿਵਲ ਹਸਪਤਾਲ ਦੀ ਜਦੋਂ ਅਜਿਹੀ ਹਾਲਤ ਹੈ ਤਾਂ ਉਹ ਮਰੀਜ਼ਾਂ ਦਾ ਇਲਾਜ ਕਿਵੇਂ ਕਰਨਗੇ, ਉਨ੍ਹਾਂ ਨੇ ਕਿਹਾ ਕਿ ਹੁਣ ਵੀ ਸਿਹਤ ਵਿਭਾਗ ਦੇ ਕੋਲ ਸਮਾਂ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ।

ਜਾਗਰੂਕਤਾ ਨੂੰ ਲੈ ਕੇ ਨਹੀਂ ਕੋਈ ਜਵਾਬ
ਉਥੇ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਸਿਵਲ ਹਸਪਤਾਲ ਵਿਚ ਅਲੱਗ ਤੋਂ ਵਾਰਡ ਅਤੇ ਇਕ ਕਾਲਜ ਵਿਚ ਵਾਰਡ ਬਣਾਇਆ ਗਿਆ ਹੈ ਪਰ ਜਦੋਂ ਸਿਹਤ ਮੰਤਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਸਵਾਲ ਪੁੱਛਿਆ ਤਾਂ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਕੀਤਾ ਜਾ ਰਿਹਾ ਹੈ।


Anuradha

Content Editor

Related News