ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ ''ਤੇ ਮੰਡਰਾਇਆ ਇਕ ਹੋਰ ਖਤਰਾ

Friday, May 22, 2020 - 06:27 PM (IST)

ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ ''ਤੇ ਮੰਡਰਾਇਆ ਇਕ ਹੋਰ ਖਤਰਾ

ਫਿਰੋਜ਼ਪੁਰ (ਮਨਦੀਪ ਕੁਮਾਰ) : ਪੰਜਾਬ ਵਿਚ ਅਜੇ ਕੋਰੋਨਾ ਵਾਇਰਸ ਦੀ ਆਫ਼ਤ ਨੂੰ ਠੱਲ੍ਹ ਨਹੀਂ ਪਈ ਕਿ ਸੂਬੇ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਦੀ ਚਿੰਤਾ ਸਤਾਉਣ ਲੱਗੀ ਹੈ। ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੇ ਬੇ-ਮੌਸਮੇ ਮੀਂਹ ਅਤੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਲੱਗਾ ਹੈ ਅਤੇ ਧੁੱਸੀ ਬੰਨ੍ਹ ਦੀ ਹਾਲਤ ਖਸਤਾ ਹੋਈ ਪਈ ਹੈ, ਜਿਸ ਵੱਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਨਾ ਹੋਣ ਕਰਕੇ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ। ਪਿਛਲੇ ਸਾਲ ਵੀ ਪਾਣੀ ਦਾ ਪੱਧਰ ਵਧਣ ਕਾਰਣ ਸਤਲੁਜ ਦੇ ਨਾਲ ਲੱਗਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਆਉਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਸੀ ਅਤੇ ਪਿੰਡਾਂ ਦੇ ਪਿੰਡ ਹੜ੍ਹ ਨਾਲ ਨੁਕਸਾਨੇ ਗਏ ਸਨ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੌਰਾਨ ਮੁੱਖ ਮੰਤਰੀ ਵਲੋਂ ਅਗਲੇ ਕੁਝ ਦਿਨਾਂ ਤੱਕ ਪੂਰੀ ਸਾਵਧਾਨੀ ਵਰਤਣ ਦੇ ਹੁਕਮ 

PunjabKesari

ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਣ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵੀ ਵਧਣ ਲੱਗੀ ਹੈ। ਦੂਜੇ ਪਾਸੇ ਸਤਲੁਜ ਦੇ ਧੁੱਸੀ ਬੰਨ੍ਹ ਦੀ ਹਾਲਤ ਖਸਤਾ ਹੋ ਰਹੀ ਹੈ ਜਿਸ ਵੱਲ ਜੇ ਸਮਾਂ ਰਹਿੰਦੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਇਕ ਵਾਰ ਫਿਰ ਇਤਿਹਾਸ ਖੁਦ ਨੂੰ ਦੁਹਰਾਅ ਸਕਦਾ ਹੈ। ਇਸ ਸੰਬੰਧੀ ਡੀ. ਸੀ. ਫਿਰੋਜ਼ਪੁਰ ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੇ ਖਤਰੇ ਨੂੰ ਦੇਖਦੇ ਹੋਏ ਸਾਨੂੰ ਜਨਵਰੀ-ਫਰਵਰੀ ਵਿਚ ਹੀ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਵਾਉਣ ਅਤੇ ਮੁਕੰਮਲ ਪ੍ਰਬੰਧ ਕਰ ਲੈਣੇ ਚਾਹੀਦੇ ਸਨ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਣ ਅਸੀਂ ਪ੍ਰਬੰਧਾਂ ਨੂੰ ਪੂਰਾ ਕਰਨ 'ਚ ਪਿੱਛੇ ਰਹਿ ਗਏ ਹਾਂ, ਉਨ੍ਹਾਂ ਕਿਹਾ ਕਿ ਮੈਂ ਜਲਦੀ ਹੀ ਸਿੰਚਾਈ ਵਿਭਾਗ ਅਤੇ ਦੂਸਰੇ ਵਿਭਾਗਾਂ ਨਾਲ ਇਨ੍ਹਾਂ ਬੰਨ੍ਹਾਂ ਦਾ ਨਿਰੀਖਣ ਕਰਨ ਜਾਵਾਂਗਾ। 
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨੀ ਪੱਧਰ 'ਤੇ ਵੱਡਾ ਫੇਰਬਦਲ

ਉਧਰ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਸਤਲੁਜ ਦੇ ਬੰਨ੍ਹਾਂ ਦੀ ਹਾਲਤ ਬਹੁਤ ਖਰਾਬ ਹੋਈ ਪਈ ਹੈ ਅਤੇ ਪਿਛਲੇ ਸਾਲ ਵੀ ਪਾਣੀ ਦਾ ਪੱਧਰ ਵਧਣ ਕਾਰਣ ਇਹ ਕਮਜ਼ੋਰ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਏ ਸਨ, ਜਿਸ ਦਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਿਆ। ਇਸ ਲਈ ਪ੍ਰਸ਼ਾਸਨ ਨੂੰ ਸਮੇਂ ਰਹਿੰਦੇ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਇਕ ਵਾਰ ਫਿਰ ਹੜ੍ਹਾਂ ਦੀ ਮਾਰ ਝੱਲਣੀ ਪੈ ਸਕਦੀ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈਬਸਾਈਟ ਹੈਕ, ਪਾਕਿ ਨੇ ਭਾਰਤ ਦੀ ਸੈਨਾ ਨਾਲ ਨਜਿੱਠਣ ਦੀ ਦਿੱਤੀ ਧਮਕੀ 


author

Gurminder Singh

Content Editor

Related News