ਕੋਰੋਨਾ ਦੇ ਸ਼ੱਕੀ 2 ਬੱਚੇ ਤੇ ਇਕ ਵਿਅਕਤੀ ਆਈਸੋਲੇਸ਼ਨ ਵਾਰਡ 'ਚ ਦਾਖਲ
Wednesday, Mar 11, 2020 - 08:01 PM (IST)
ਅੰਮ੍ਰਿਤਸਰ,(ਦਲਜੀਤ) : ਕਰੋਨਾ ਵਾਇਰਸ ਦੀ ਦਹਿਸ਼ਤ ਲੋਕਾਂ 'ਚ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ। ਬੀਤੀ ਦੇਰ ਰਾਤ ਅੰਮ੍ਰਿਤਸਰ ਤੇ ਤਰਨਤਾਰਨ ਦੇ 4 ਸਾਲਾਂ ਦੇ 2 ਬੱਚਿਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਕਰੋਨਾ ਵਾਇਰਸ ਦੇ ਲੱਛਣ ਪਾਏ ਜਾਣ 'ਤੇ ਦਾਖਲ ਕੀਤਾ ਗਿਆ। ਦੋਵੇ ਬੱਚੇ ਕੁੱਝ ਦਿਨ ਪਹਿਲਾਂ ਆਪਣੇ ਰਿਸ਼ਤੇਦਾਰਾਂ ਨਾਲ ਵਿਦੇਸ਼ 'ਚੋਂ ਘੁੰਮ ਕੇ ਆਏ ਸਨ। ਜਿਨ੍ਹਾਂ ਦੇਸ਼ਾਂ 'ਚ ਬੱਚੇ ਘੁੰਮ ਕੇ ਆਏ ਸਨ, ਉਨ੍ਹਾਂ ਦੇਸ਼ਾਂ 'ਚ ਵਾਇਰਸ ਨੇ ਆਪਣਾ ਮੱਕੜਜਾਲ ਫੈਲਾਇਆ ਹੋਇਆ ਹੈ। ਵਿਭਾਗ ਵਲੋਂ ਕੀਤੇ ਗਏ ਟੈਸਟ 'ਚ ਜਿਥੇ ਅੰਮ੍ਰਿਤਸਰ ਦੇ ਬੱਚੇ ਦੀ ਰਿਪੋਰਟ ਨੈਗੇਟਿਵ ਆਈ ਹੈ, ਉਥੇ ਹੀ ਤਰਨਤਾਰਨ ਦੇ ਬੱਚੇ ਦੀ ਰਿਪੋਰਟ ਅਜੇ ਵਿਭਾਗ ਨੂੰ ਹਾਸਲ ਨਹੀਂ ਹੋਈ ਹੈ।
ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਦੋਵੇਂ ਬੱਚਿਆਂ ਨੂੰ ਖਾਂਸੀ ਜੁਕਾਮ ਤੇ ਬੁਖਾਰ ਦੀ ਸ਼ਿਕਾਇਤ ਹੈ। ਵਿਦੇਸ਼ੀ ਟੂਰ ਦੌਰਾਨ ਦੋਵੇਂ ਬੱਚੇ ਆਪਣੇ ਰਿਸ਼ਤੇਦਾਰਾਂ ਨਾਲ 7 ਉਨ੍ਹਾਂ ਦੇਸ਼ਾਂ 'ਚ ਘੁੰਮ ਕੇ ਆਏ ਹਨ, ਜਿਨ੍ਹਾਂ 'ਚ ਕੋਰੋਨਾਵਾਇਰਸ ਫੈਲਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਬੁੱਧਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਤੋਂ ਆਏ ਇਕ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ, ਜਿਸ ਨੂੰ ਖਾਂਸੀ ਜੁਕਾਮ ਦੀ ਸ਼ਿਕਾਇਤ ਹੈ। ਆਈਸੋਲੇਸ਼ਨ ਵਾਰਡ 'ਚ 2 ਦਿਨਾਂ 'ਚ 2 ਬੱਚਿਆਂ ਸਮੇਤ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਲੱਛਣ ਦੇਖ ਕੇ ਦਾਖਲ ਕੀਤਾ ਗਿਆ ਹੈ।