''ਕੋਰੋਨਾ ਵਾਇਰਸ'' ਹਾਲੇ ਖ਼ਤਮ ਨਹੀਂ ਹੋਇਆ, ਸਾਵਧਾਨੀ ਜ਼ਰੂਰੀ : ਸਿਵਲ ਸਰਜਨ

Friday, Jun 05, 2020 - 05:30 PM (IST)

''ਕੋਰੋਨਾ ਵਾਇਰਸ'' ਹਾਲੇ ਖ਼ਤਮ ਨਹੀਂ ਹੋਇਆ, ਸਾਵਧਾਨੀ ਜ਼ਰੂਰੀ : ਸਿਵਲ ਸਰਜਨ

ਮੋਹਾਲੀ (ਪਰਦੀਪ) : 'ਕੋਰੋਨਾ ਵਾਇਰਸ' ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਮੁੜ ਚੌਕਸ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਮਾਰੂ ਬੀਮਾਰੀ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ ਅਤੇ ਜ਼ਿਲ੍ਹੇ 'ਚ ਇਸ ਬੀਮਾਰੀ ਦੇ ਕੇਸ ਮੁੜ ਆਉਣ ਕਾਰਣ ਲੋਕਾਂ ਨੂੰ ਹੋਰ ਵੀ ਜ਼ਿਆਦਾ ਮੁਸ਼ਤੈਦ ਅਤੇ ਸਾਵਧਾਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਤਾਲਾਬੰਦੀ ਵਿਚ ਢਿੱਲ ਦਿੱਤੇ ਜਾਣ ਮਗਰੋਂ ਵੱਡੀ ਗਿਣਤੀ ਵਿਚ ਲੋਕ ਸਰਕਾਰੀ ਦਿਸ਼ਾ-ਨਿਰਦੇਸ਼ਾਂ ਨੂੰ ਅਣਡਿੱਠ ਕਰਦਿਆਂ ਜ਼ਰੂਰੀ ਸਾਵਧਾਨੀਆਂ ਨਹੀਂ ਵਰਤ ਰਹੇ। ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਬੀਮਾਰੀ ਹੁਣ ਸ਼ਾਇਦ ਖ਼ਤਮ ਹੋ ਗਈ ਹੈ। ਬਹੁਤੀ ਥਾਈਂ ਲੋਕ ਬੇਖ਼ੌਫ਼ ਹੋ ਕੇ ਮੂੰਹ ਢੱਕੇ ਬਿਨਾਂ ਘੁੰਮ-ਫਿਰ ਰਹੇ ਹਨ ਅਤੇ ਬਿਨਾਂ ਕਿਸੇ ਖ਼ਾਸ ਲੋੜ ਜਾਂ ਕੰਮ ਬਾਜ਼ਾਰਾਂ 'ਚ ਜਾ ਰਹੇ ਹਨ ਜੋ ਬਹੁਤ ਗ਼ਲਤ ਰੁਝਾਨ ਹੈ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਪੈਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕੱਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।

ਇਹ ਵੀ ਪੜ੍ਹੋ : ਬਾਪੂਧਾਮ ਕਾਲੋਨੀ 'ਚ ਕੋਰੋਨਾ ਦਾ ਕਹਿਰ, 2 ਬੱਚਿਆਂ ਦੀ ਰਿਪੋਰਟ ਆਈ ਪਾਜ਼ੇਟਿਵ

ਪੀ. ਜੀ. ਆਈ. ਨੇ ਸਭ ਤੋਂ ਜ਼ਿਆਦਾ 'ਪੰਜਾਬ' ਦੇ ਕੀਤੇ ਕੋਰੋਨਾ ਟੈਸਟ 
ਸਥਾਨਕ ਪੀ. ਜੀ. ਆਈ. ਦੀ ਵਾਇਰੋਲੋਜੀ ਲੈਬ ਨੇ ਕੋਰੋਨਾ ਮਹਾਮਾਰੀ ਦੌਰਾਨ ਹੁਣ ਤੱਕ 14,100 ਨਮੂਨੇ ਲਏ ਹਨ। ਅੰਕੜੇ ਕਹਿੰਦੇ ਹਨ ਕਿ ਪੀ. ਜੀ. ਆਈ. ਨੇ ਸਭ ਤੋਂ ਜ਼ਿਆਦਾ ਪੰਜਾਬ ਦੇ ਕੋਰੋਨਾ ਸਬੰਧੀ ਨਮੂਨਿਆਂ ਦੀ ਜਾਂਚ ਕੀਤੀ ਹੈ। ਪੰਜਾਬ ਤੋਂ ਪੀ. ਜੀ. ਆਈ. ਕੋਲ ਟੈਸਟ ਲਈ 6,723 ਨਮੂਨੇ ਆਏ, ਜਦੋਂ ਕਿ ਚੰਡੀਗੜ੍ਹ ਦੇ ਸਿਰਫ 5,942 ਨੂਮਨਿਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਹਰਿਆਣਾ ਤੋਂ ਪੀ. ਜੀ. ਆਈ. ਨੂੰ 1422 ਨਮੂਨੇ, ਹਿਮਾਚਲ ਪ੍ਰਦੇਸ਼ ਤੋਂ ਇੱਕ, ਜੰਮੂ-ਕਸ਼ਮੀਰ ਤੋਂ ਜਾਂਚ ਲਈ 6 ਨਮੂਨੇ ਭੇਜੇ ਗਏ। ਪੀ. ਜੀ. ਆਈ. ਦੇ ਵਾਇਰੋਲੋਜੀ ਮਹਿਕਮੇ ਵੱਲੋਂ 3 ਜੂਨ ਤੱਕ ਦੀ ਰਿਪੋਰਟ ਕਹਿੰਦੀ ਹੈ ਕਿ 14,100 ਨਮੂਨਿਆਂ ਨਾਲ 431 ਟੈਸਟਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।

ਇਹ ਵੀ ਪੜ੍ਹੋ : ਕਪੂਰਥਲਾ 'ਚ ਕੋਰੋਨਾ ਦਾ ਕਹਿਰ, 2 ਜੱਜਾਂ ਸਮੇਤ ਅਦਾਲਤੀ ਸਟਾਫ ਕੁਆਰੰਟਾਈਨ, ਦੋ ਆਏ ਪਾਜ਼ੇਟਿਵ

ਇਕ ਦਿਨ 'ਚ ਹੋ ਰਹੇ 500 ਟੈਸਟ
ਪੀ. ਜੀ. ਆਈ. ਦੇ ਵਾਇਰੋਲੋਜੀ ਲੈਬ ਦੀ ਮਾਹਿਰ ਪ੍ਰੋ. ਮਿਨੀ ਪੀ. ਸਿੰਘ ਦੀ ਮੰਨੀਏ ਤਾਂ ਲੈਬ ਦੀ ਇਕ ਦਿਨ 'ਚ 500 ਦੇ ਕਰੀਬ ਟੈਸਟ ਕਰਨ ਦੀ ਸਮਰੱਥਾ ਹੋ ਚੁੱਕੀ ਹੈ। ਪਹਿਲਾਂ ਉਨ੍ਹਾਂ ਦੀ ਲੈਬ 'ਚ ਇਕ ਦਿਨ 'ਚ 50 ਦੇ ਕਰੀਬ ਟੈਸਟ ਕੀਤੇ ਜਾ ਰਹੇ ਸਨ। ਉਸ ਤੋਂ ਬਾਅਦ ਜਦੋਂ ਕਿੱਟਾਂ ਦੀ ਗਿਣਤੀ ਵਧਾਈ ਗਈ ਤਾਂ ਇਕ ਦਿਨ 'ਚ ਲੈਬ 'ਚ 100 ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾਣ ਲੱਗੇ ਅਤੇ ਹੁਣ ਲੈਬ ਇਕ ਦਿਨ 'ਚ 500 ਦੇ ਕਰੀਬ ਟੈਸਟ ਕਰ ਸਕਦੀ ਹੈ। ਹਾਲਾਂਕਿ ਅੰਕੜੇ ਕਹਿੰਦੇ ਹਨ ਕਿ ਇਕ ਦਿਨ 'ਚ ਲੈਬ ਨੇ ਔਸਤ 155 ਦੇ ਕਰੀਬ ਟੈਸਟ ਕੀਤੇ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ।
 


author

Anuradha

Content Editor

Related News