ਪੰਜਾਬ ਦੇ ਇਸ ਇਲਾਕੇ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਨਹੀਂ ਹਨ ਪੁਖਤਾ ਪ੍ਰਬੰਧ
Thursday, Mar 19, 2020 - 07:33 PM (IST)
ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ): ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲੀ ਹੋਈ ਹੈ। ਭਾਰਤ 'ਚ ਵੀ ਇਸ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਹੁਣ ਤੱਕ ਜ਼ਿਲਾ ਬਰਨਾਲਾ 'ਚ 4 ਸ਼ੱਕੀ ਮਰੀਜ਼ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਤਿੰਨ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਤੇ ਚੌਥਾ ਮਰੀਜ਼ ਅੱਜ ਹੀ ਸਿਵਲ ਹਸਪਤਾਲ ਬਰਨਾਲਾ 'ਚ ਦਾਖਲ ਕੀਤਾ ਗਿਆ ਹੈ। ਇਹ ਨੌਜਵਾਨ ਦੁਬਈ ਤੋਂ 7 ਮਾਰਚ ਨੂੰ ਆਪਣੇ ਪਿੰਡ ਠੁੱਲੀਵਾਲ ਵਿਖੇ ਆਇਆ ਸੀ। ਇਸ ਤੋਂ ਪਹਿਲਾਂ ਦੁਬਈ 'ਚ ਵੀ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾ ਚੁੱਕਾ ਹੈ, ਇਸ ਮਰੀਜ਼ ਨੂੰ ਖਾਂਸੀ ਹੈ। ਇਸ ਸਮੇਂ ਪੂਰੇ ਦੇਸ਼ 'ਚ ਇਸ ਬੀਮਾਰੀ ਨਾਲ ਲੜਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਸਰਕਾਰ ਵੱਲੋਂ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਵੀ ਇਸ ਬੀਮਾਰੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਬਰਨਾਲਾ 'ਚ ਇਸ ਬੀਮਾਰੀ ਨਾਲ ਨਿਪਟਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਇਥੋਂ ਤੱਕ ਕਿ ਜ਼ਿਲੇ ਦਾ ਹਸਪਤਾਲ ਹੁੰਦਿਆਂ ਹੋਇਆਂ ਵੀ ਇਥੇ ਇਕ ਵੀ ਵੈਂਟੀਲੇਟਰ ਨਹੀਂ ਹੈ ਜਦਕਿ ਗੰਭੀਰ ਹਾਲਤ ਦੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ। ਇਸ ਕਾਰਣ ਜ਼ਿਲਾ ਹੈਲਥ ਵਿਭਾਗ ਦੇ ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕਰਨ ਦੀ ਪੋਲ ਵੀ ਖੁੱਲ੍ਹਦੀ ਹੈ।
ਇਹ ਵੀ ਪੜ੍ਹੋ :https://jagbani.punjabkesari.in/punjab/news/corona-virus--cova-mobile-app-launch-1188284
ਜ਼ਿਲੇ ਦੀ ਆਬਾਦੀ ਸਾਢੇ ਛੇ ਲੱਖ, ਮਰੀਜ਼ਾਂ ਲਈ ਬੈੱਡ ਸਿਰਫ 10
ਬਰਨਾਲਾ ਜ਼ਿਲੇ ਦੀ ਆਬਾਦੀ ਸਾਢੇ ਛੇ ਲੱਖ ਤੋਂ ਉਪਰ ਹੈ। ਜ਼ਿਲੇ 'ਚੋਂ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ 'ਚ ਗਏ ਹੋਏ ਹਨ। ਵਿਦੇਸ਼ਾਂ 'ਚ ਇਹ ਬੀਮਾਰੀ ਭਿਆਨਕ ਰੂਪ 'ਚ ਫੈਲੀ ਹੋਈ ਹੈ। ਖਾਸ ਕਰਕੇ ਯੂਰਪੀ ਦੇਸ਼ ਚੀਨ ਅਤੇ ਈਰਾਨ 'ਚ ਬੀਮਾਰੀ ਭਿਆਨਕ ਰੂਪ ਲੈ ਚੁੱਕੀ ਹੈ। ਬਰਨਾਲਾ ਜ਼ਿਲੇ 'ਚ ਸਿਰਫ ਦਸ ਬੈੱਡ ਹੀ ਇਨ੍ਹਾਂ ਮਰੀਜ਼ਾਂ ਲਈ ਰਿਜ਼ਰਵ ਰੱਖੇ ਗਏ ਹਨ, ਜਿਸ 'ਚੋਂ 4 ਬੈੱਡ ਸਿਵਲ ਹਸਪਤਾਲ ਬਰਨਾਲਾ ਵਿਚ, 2 ਬੈੱਡ ਤਪਾ ਵਿਚ, 2 ਬੈੱਡ ਮਹਿਲ ਕਲਾਂ ਵਿਚ ਅਤੇ 2 ਬੈੱਡ ਧਨੌਲਾ ਵਿਖੇ ਰੱਖੇ ਗਏ ਹਨ। ਆਬਾਦੀ ਨੂੰ ਦੇਖਦਿਆਂ ਹੋਇਆਂ ਇਹ ਗਿਣਤੀ ਬਹੁਤ ਹੀ ਘੱਟ ਹੈ।
ਇਹ ਵੀ ਪੜ੍ਹੋ : https://jagbani.punjabkesari.in/punjab/news/doctor--coronavirus--fear--women-death-1188939
ਸਾਹ ਉਖੜਣ ਵਾਲੇ ਮਰੀਜ਼ਾਂ ਨੂੰ ਰੱਖਣਾ ਪੈਂਦੈ ਵੈਂਟੀਲੇਟਰ 'ਤੇ
ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦਾ ਜੇਕਰ ਸਾਹ ਉਖੜ ਜਾਵੇ ਤਾਂ ਉਸ ਨੂੰ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਹੈ ਪਰ ਹਸਪਤਾਲ 'ਚ ਇਹ ਸੁਵਿਧਾ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਖੰਘ, ਜ਼ੁਕਾਮ ਅਤੇ ਬੁਖਾਰ ਦੇ ਮਰੀਜ਼ਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਜ਼ਰੂਰੀ ਨਹੀਂ ਕਿ ਇਹ ਚੀਜ਼ਾਂ ਹੋਣ 'ਤੇ ਕੋਰੋਨਾ ਵਾਇਰਸ ਦੀ ਬੀਮਾਰੀ ਹੀ ਹੋਵੇ ਪਰ ਇਨ੍ਹਾਂ ਮਰੀਜ਼ਾਂ ਨੂੰ ਫੌਰੀ ਤੌਰ 'ਤੇ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਬਾਹਰਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜਨਤਕ ਥਾਵਾਂ 'ਤੇ ਜਾਂਦੇ ਸਮੇਂ ਆਪਣਾ ਮੂੰਹ ਢੱਕ ਕੇ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ :https://jagbani.punjabkesari.in/punjab/news/corona-virus--punjab--captain-amarinder-singh-1189421
2 ਵੈਂਟੀਲੇਟਰ ਲੈਣ ਲਈ ਸਰਕਾਰ ਨੂੰ ਭੇਜਿਆ ਹੋਇਆ ਹੈ ਲਿਖ ਕੇ
ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਜੋਤੀ ਕੌਸ਼ਲ ਨੇ ਕਿਹਾ ਕਿ ਹਸਪਤਾਲ ਵਿਚ ਵੈਂਟੀਲੇਟਰ ਦੀ ਕਾਫੀ ਲੋੜ ਹੈ। ਇਸ ਲਈ ਸਰਕਾਰ ਨੂੰ ਇਕ ਵੱਡਾ ਵੈਂਟੀਲੇਟਰ ਅਤੇ ਜੱਚਾ-ਬੱਚਾ ਕੇਂਦਰ ਲਈ ਬੱਚਿਆਂ ਲਈ ਛੋਟਾ ਵੈਂਟੀਲੇਟਰ ਦੇਣ ਲਈ ਲਿਖ ਕੇ ਭੇਜਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਪਟਣ ਲਈ ਅਸੀਂ ਪੁਖਤਾ ਪ੍ਰਬੰਧ ਕੀਤੇ ਹਨ। 10 ਬੈੱਡ ਇਨ੍ਹਾਂ ਮਰੀਜ਼ਾਂ ਲਈ ਰਿਜ਼ਰਵ ਕੀਤੇ ਹੋਏ ਹਨ। ਜੇਕਰ ਜ਼ਰੂਰਤ ਪੈਂਦੀ ਹੈ ਤਾਂ ਇਨ੍ਹਾਂ ਬੈੱਡਾਂ ਦੀ ਗਿਣਤੀ 100 ਤੱਕ ਵਧਾ ਦਿੱਤੀ ਜਾਵੇਗੀ। ਹੈਲਥ ਵਿਭਾਗ ਦੇ ਕਰਮਚਾਰੀ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਇਸ ਬੀਮਾਰੀ ਨਾਲ ਨਜਿੱਠਣ ਲਈ ਟ੍ਰੇਨਿੰਗ ਦਿੱਤੀ ਗਈ ਹੈ, ਉਹ ਘਰ-ਘਰ ਜਾ ਕੇ ਇਸ ਬੀਮਾਰੀ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ।