ਪਟਿਆਲਾ 'ਚ ਕੋਰੋਨਾ ਦਾ ਕਹਿਰ, ਮਾਂ-ਧੀ ਸਮੇਤ 5 ਹੋਰ 'ਪਾਜ਼ੇਟਿਵ'

5/7/2020 10:36:58 AM

ਪਟਿਆਲਾ (ਜ.ਬ.): ਪਟਿਆਲਾ ਵਿਚ ਅੱਜ ਮਾਂ-ਧੀ ਸਮੇਤ 5 ਨਵੇਂ ਕੇਸ 'ਕੋਰੋਨਾ ਪਾਜ਼ੀਟਿਵ' ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੱਲ ਜਿਹੜੇ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਰਿਪੋਰਟ ਅੱਜ ਆਈ ਹੈ, ਜਿਸ 'ਚ 5 ਨਵੇਂ ਕੇਸ 'ਪਾਜ਼ੀਟਿਵ' ਹਨ।ਇਨ੍ਹਾਂ 'ਚੋਂ ਦੋ ਪਟਿਆਲਾ ਦੇ ਗੁਰੂ ਤੇਗ ਬਹਾਦਰ ਨਗਰ ਦੇ ਹਨ ਜਿੱਥੇ ਇਕ 49 ਸਾਲਾ ਮਾਂ ਤੇ ਉਸਦੀ 22 ਸਾਲਾ ਧੀ 'ਪਾਜ਼ੀਟਿਵ' ਪਾਏ ਗਏ ਹਨ। ਇਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਅਤੇ ਇਨ੍ਹਾਂ ਦੀ ਕੇਸ ਹਿਸਟਰੀ ਚੈੱਕ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਨਾਭਾ ਦੀ 19 ਸਾਲਾ ਲੜਕੀ ਪਾਜ਼ੀਟਿਵ ਆਈ ਹੈ, ਜੋ ਟੀ. ਬੀ. ਦੀ ਬੀਮਾਰੀ ਤੋਂ ਵੀ ਪੀੜਤ ਹੈ। ਇਨ੍ਹਾਂ ਤੋਂ ਇਲਾਵਾ ਰਾਜਪੁਰਾ ਦੇ ਦੋ ਹੋਰ ਕੇਸ 'ਪਾਜ਼ੀਟਿਵ' ਆਏ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਕੱਲ 39 ਸਾਲਾ ਇਕ ਵਿਅਕਤੀ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ, ਜਿਸ ਨੂੰ ਡਾਕਟਰਾਂ ਨੇ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ ਸੀ। ਇਸਦੇ ਪਰਿਵਾਰ ਦੇ ਕਹਿਣ 'ਤੇ ਇਸਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸਦੀ ਰਿਪੋਰਟ ਅੱਜ ਸਵੇਰੇ ਆਈ ਅਤੇ ਇਹ 'ਪਾਜ਼ੀਟਿਵ' ਨਿਕਲਿਆ। ਇਹ ਅਮਨ ਕਲੋਨੀ ਦਾ ਰਹਿਣ ਵਾਲਾ ਸੀ।ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ਵਿਚ 'ਕੋਰੋਨਾ ਪਾਜ਼ੀਟਿਵ' ਕੇਸਾਂ ਦੀ ਗਿਣਤੀ 99 ਹੋ ਗਈ ਹੈ ਜਦਕਿ 7 ਵਿਅਕਤੀ ਤੰਦਰੁਸਤ ਹੋ ਕੇ ਘਰ ਨੂੰ ਪਰਤ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 112 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਹੁਣ ਤੱਕ ਪਟਿਆਲਾ ਵਿਚ 1300 ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।


Shyna

Content Editor Shyna