ਲੁਧਿਆਣਾ : ਸਵਾਈਨ ਫੂਲ ਦੇ ਸੀਜ਼ਨ ''ਚ ''ਕੋਰੋਨਾ ਵਾਇਰਸ'' ਖਤਰਨਾਕ, ਰੈੱਡ ਅਲਰਟ ਜਾਰੀ

03/05/2020 1:42:57 PM

ਲੁਧਿਆਣਾ (ਸਹਿਗਲ) : ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੇ 28 ਮਾਮਲੇ ਸਾਹਮਣੇ ਆਉਣ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਜੰਗੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਹਤ ਅਧਿਕਾਰੀਆਂ ਅਨੁਸਾਰ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਇਸ ਨਾਲ ਨਿੱਬੜਣ ਲਈ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਬੀਤੇ ਦਿਨ ਜ਼ਿਲੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰ, ਜ਼ਿਲਾ ਐਪੀਡੀਮਾਇਲੋਜਿਸਟ, ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਅਤੇ ਵਰਕਰਾਂ ਦੀ ਇਕ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਕੋਰੋਨਾ ਵਾਇਰਸ ਦੇ ਸੰਭਾਵਿਤ ਮਾਮਲਿਆਂ ਨੂੰ ਵੇਖਦੇ ਹੋਏ ਸਾਰਿਆਂ ਨੂੰ ਅਲਰਟ ਰਹਿਣ ਨੂੰ ਕਿਹਾ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਅਧੀਨ ਆਉਂਦੇ ਸਰਕਾਰੀ ਅਤੇ ਨਿੱਜੀ ਸਕੂਲ-ਕਾਲਜਾਂ, ਸਰਕਾਰੀ ਦਫਤਰਾਂ, ਸ਼ਾਪਿੰਗ ਮਾਲਜ਼, ਪੀ. ਵੀ. ਆਰ. ਥੀਏਟਰ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ ਵਾਲੇ ਇਲਾਕਿਆਂ 'ਚਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਸਵਾਈਨ ਫਲੂ ਦੇ ਸੀਜ਼ਨ 'ਚ 'ਕੋਰੋਨਾ ਵਾਇਰਸ' ਦੀ ਦਸਤਕ ਖਤਰਨਾਕ
ਮਾਹਰਾਂ ਦਾ ਕਹਿਣਾ ਹੈ ਕਿ ਸਵਾਈਨ ਫਲੂ ਦੇ ਸੀਜ਼ਨ 'ਚ ਕੋਰੋਨਾ ਵਾਇਰਸ ਦੀ ਦਸਤਕ ਕਾਫੀ ਖਤਰਨਾਕ ਹੈ ਅਤੇ ਉਨ੍ਹਾਂ ਦੇ ਲੱਛਣ ਵੀ ਆਪਸ 'ਚ ਕਾਫੀ ਹੱਦ ਤੱਕ ਮਿਲਦੇ-ਜੁਲਦੇ ਹਨ। ਇਸ ਦੀ ਜਾਂਚ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਡਾਕਟਰਾਂ ਨੇ ਹਸਪਤਾਲ ਦੇ ਸਟਾਫ ਨੂੰ ਕਾਫੀ ਸੁਚੇਤ ਰਹਿਣ ਲਈ ਕਿਹਾ ਹੈ ਅਤੇ ਸਟਾਫ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਆਯੋਜਿਤ ਵਿਸ਼ੇਸ਼ ਟ੍ਰੇਨਿੰਗ ਸੈਸ਼ਨ 'ਚ ਵੀ ਭੇਜਿਆ ਗਿਆ ਹੈ ਤਾਂ ਜੋ ਜਾਂਚ ਸਮੇਂ ਕੋਈ ਕਮੀ ਨਾ ਰਹਿ ਜਾਵੇ। ਟੀ. ਬੀ. ਦੇ ਮਰੀਜ਼ਾਂ ਨੂੰ ਸਵਾਈਨ ਫਲੂ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

PunjabKesari
ਬਜ਼ਾਰਾਂ 'ਚ 'ਮਾਸਕ' ਦੀ ਕਮੀ
ਕੋਰੋਨਾ ਵਾਇਰਸ ਦੇ ਵਧਦੇ ਖਤਰੇ ਅਤੇ ਡਰ ਕਾਰਨ ਬਾਜ਼ਾਰ ਵਿਚ ਮਾਸਕ ਦੀ ਕਾਫ਼ੀ ਕਮੀ ਪਾਈ ਜਾ ਰਹੀ ਹੈ ਅਤੇ ਇਹ ਹੁਣ ਤੱਕ ਨਿਰਧਾਰਤ ਤੋਂ ਜ਼ਿਆਦਾ ਮੁੱਲ 'ਤੇ ਮਿਲਣ ਲੱਗੇ ਹਨ। ਦੂਜੇ ਪਾਸੇ ਹੋਲਸੇਲ ਦਵਾਈ ਬਾਜ਼ਾਰ ਨਾਲ ਸਬੰਧਤ ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੋਰੋਨਾ ਵਾਇਰਸ ਦਾ ਅਸਰ ਦਵਾਈਆਂ ਦੀ ਕਮੀ ਵਜੋਂ ਵੀ ਵਿਖਾਈ ਦੇਣ ਲੱਗ ਜਾਵੇਗਾ ਕਿਉਂਕਿ ਜ਼ਿਆਦਾਤਰ ਦਵਾਈਆਂ ਬਣਾਉਣ ਲਈ ਰਾਅ ਮੈਟੀਰੀਅਲ ਚੀਨ ਤੋਂ ਹੀ ਮੰਗਵਾਇਆ ਜਾ ਰਿਹਾ ਸੀ। ਆਈ. ਵੀ. ਡਰਿਪਸ, ਮਾਸਕ, ਹੈਂਡ ਸੈਨੀਟਾਇਜ਼ਰ ਦੀ ਹੁਣ ਤੋਂ ਹੀ ਕਮੀ ਮਹਿਸੂਸ ਕੀਤੀ ਜਾਣ ਲੱਗੀ ਹੈ। ਇਥੇ ਤੱਕ ਕਿ ਹਾਰਟ ਅਟੈਕ ਹੋਣ 'ਤੇ ਲੱਗਣ ਵਾਲੇ ਇੰਜੈਕਸ਼ਨ ਅਤੇ ਸਟੈਂਟ ਵੀ ਚੀਨ ਤੋਂ ਮੰਗਵਾਏ ਜਾਂਦੇ ਸਨ।

ਸਿਹਤ ਵਿਭਾਗ ਕੋਲ ਪੂਰੇ ਨਹੀਂ ਇੰਤਜ਼ਾਮ
ਸਰਕਾਰੀ ਹਸਪਤਾਲਾਂ ਵਿਚ ਨਾ ਤਾਂ ਵੈਂਟੀਲੇਟਰ ਹਨ, ਬਿਸਤਰਿਆਂ ਦੀ ਗਿਣਤੀ ਬਹੁਤ ਘੱਟ ਹੈ, ਹੋਰ ਤਾਂ ਹੋਰ ਐਕਸਰੇ ਕਰਨ ਲਈ ਰੇਡੀਓਲਾਜਿਸਟ ਵੀ ਮੁਹੱਈਆ ਨਹੀਂ ਹਨ। ਸਿਹਤ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਜ਼ਿਲੇ ਵਿਚ ਸਰਕਾਰੀ ਸੇਵਾਵਾਂ ਵਿਚ ਕੰਮ ਕਰ ਰਹੇ ਮੈਡੀਕਲ ਅਫਸਰਾਂ ਦੀ ਗਿਣਤੀ ਕਾਫ਼ੀ ਘੱਟ ਹੈ, ਜਿਥੇ 124 ਮੈਡੀਕਲ ਸਪੈਸ਼ਲਿਸਟਾਂ ਦੀ ਲੋੜ ਹੈ, ਉਥੇ ਸਿਰਫ 66 ਕੰਮ ਕਰ ਰਹੇ ਹਨ ਜਦੋਂ ਕਿ 58 ਅਹੁਦੇ ਖਾਲੀ ਪਏ ਹਨ। ਇਸੇ ਤਰ੍ਹਾਂ ਮੈਡੀਕਲ ਅਫਸਰ ਜਨਰਲ ਦੀ ਵੀ ਭਾਰੀ ਕਮੀ ਹੈ। 153 ਐੱਮ. ਬੀ. ਬੀ. ਐੱਸ. ਮੈਡੀਕਲ ਅਫਸਰਾਂ ਦੀਆਂ ਜ਼ਰੂਰਤ ਹੈ, ਉਥੇ ਸਿਰਫ 108 ਹੀ ਕੰਮ ਕਰ ਰਹੇ ਹਨ ਜਦੋਂ ਕਿ 45 ਅਹੁਦੇ ਖਾਲੀ ਹਨ। ਸਿਵਲ ਹਸਪਤਾਲ 'ਚ ਮੈਡੀਕਲ ਅਫਸਰਾਂ ਨਾਲ ਚਾਈਲਡ ਰੋਗ ਮਾਹਰ, ਸਟਾਫ ਨਰਸਿਜ਼ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਦੇ ਵੀ ਕਾਫ਼ੀ ਅਹੁਦ ਖਾਲੀ ਹਨ। ਸਿਵਲ ਹਸਪਤਾਲ, ਜੋ 200 ਬਿਸਤਰਿਆਂ ਦਾ ਹੁੰਦਾ ਸੀ, ਜੋ ਹੁਣ 290 ਬਿਸਤਰਿਆਂ ਦਾ ਕਰ ਦਿੱਤਾ ਗਿਆ ਹੈ ਪਰ ਡਾਕਟਰਾਂ ਦੀ ਗਿਣਤੀ ਨਹੀਂ ਵਧਾਈ ਗਈ। ਇਹੀ ਨਜ਼ਾਰਾ ਸਿਵਲ ਹਸਪਤਾਲ ਵਿਚ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਦਾ ਵੀ ਹੈ।

ਇਹ ਵੀ ਪੜ੍ਹੋ : ਲੁਧਿਆਣਾ : 'ਕੋਰੋਨਾ' ਵਾਇਰਸ ਕਾਰਨ ਕਾਰੋਬਾਰੀਆਂ ਨੂੰ ਚਾਈਨਾ ਨਾ ਜਾਣ ਦੀ ਸਲਾਹ

ਲੋਕਾਂ ਦਾ ਇਲਜ਼ਾਮ, ਸਰਕਾਰ ਨਹੀਂ ਗੰਭੀਰ
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਿਹਤ ਸੇਵਾਵਾਂ ਪ੍ਰਤੀ ਹੁਣੇ ਵੀ ਗੰਭੀਰ ਨਹੀਂ ਹੈ। ਜੋ ਕਮੀਆਂ ਕਈ ਸਾਲ ਪਹਿਲਾਂ ਸਨ, ਉਹ ਅੱਜ ਵੀ ਪਾਈਆਂ ਜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ 'ਚ ਸੰਸਾਧਨਾਂ ਦੀ ਅਣਹੋਂਦ ਹੈ, ਗਰੀਬ ਮਰੀਜ਼ ਜਾਵੇ ਵੀ ਤਾਂ ਕਿੱਥੇ। ਅਜਿਹੇ 'ਚ ਜੇਕਰ ਕੋਈ ਰੋਗ ਫੈਲਦਾ ਹੈ ਤਾਂ ਉਸ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਗਰੀਬ ਤਬਕੇ ਦੇ ਲੋਕ ਹੁੰਦੇ ਹਨ। ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ 'ਚ ਸੰਸਾਧਨਾਂ ਤੇ ਡਾਕਟਰਾਂ ਦੀ ਕਮੀ ਵਲੋਂ ਸਮੁੱਚਾ ਇਲਾਜ ਨਹੀਂ ਮਿਲਦਾ, ਜਦੋਂ ਕਿ ਸਰਕਾਰ ਦਾ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਬਜਾਏ ਸ਼ਰਾਬ ਦੀ ਵਿਕਰੀ ਵਧਾਉਣ 'ਤੇ ਜ਼ਿਆਦਾ ਧਿਆਨ ਹੈ।
ਹਸਪਤਾਲ 'ਚ 100 ਬਿਸਤਰੇ, 38 ਵੈਂਟੀਲੇਟਰ ਰਿਜ਼ਰਵ
ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰੀ ਤੇ ਨਿਜੀ ਹਸਪਤਾਲਾਂ 'ਚ 100 ਬਿਸਤਰੇ ਅਤੇ 38 ਵੈਂਟੀਲੇਟਰ ਸੰਭਾਵਿਕ ਮਰੀਜ਼ਾਂ ਲਈ ਰਾਖਵੇਂ ਕਰ ਦਿੱਤੇ ਗਏ ਹਨ। ਇਨ੍ਹਾਂ 'ਚੋਂ ਸਰਕਾਰੀ ਹਸਪਤਾਲਾਂ 'ਚ ਰਾਖਵੇਂ ਕੀਤੇ ਗਏ 45 ਬਿਸਤਰੇ ਸ਼ਾਮਲ ਹਨ।

PunjabKesari
ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਲੋਕਾਂ ਨੂੰ ਇਹ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਪਿਛਲੇ 30 ਦਿਨਾਂ 'ਚ ਚੀਨ ਦਾ ਦੌਰਾ ਕੀਤਾ ਹੈ ਅਤੇ ਉਸ ਨੂੰ ਖੰਘ-ਜ਼ੁਕਾਮ, ਨਿਮੋਨੀਆ ਜਾਂ ਸਾਹ ਲੈਣ 'ਚ ਤਕਲੀਫ ਅਹਿਮ ਲੱਛਣ ਹਨ ਤਾਂ ਆਪਣੀ ਜਾਂਚ ਅਤੇ ਇਲਾਜ ਲਈ ਨੇੜੇ ਪੈਂਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰੇ ਅਤੇ ਕਾਲ ਸੈਂਟਰ ਦੇ ਨੰਬਰ 0161244193 'ਤੇ ਸੰਪਰਕ ਕਰੇ।

 


Babita

Content Editor

Related News