ਗੁਰਦਾਸਪੁਰ ਜ਼ਿਲੇ 'ਚ 122 ਮਰੀਜ਼ਾਂ ਨੇ ਕੋਰੋਨਾ 'ਤੇ ਕੀਤੀ ਜਿੱਤ ਹਾਸਿਲ
Monday, May 18, 2020 - 07:49 PM (IST)
ਗੁਰਦਾਸਪੁਰ (ਵਿਨੋਦ) : ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਅੱਜ 5 ਮਰੀਜ਼ਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਹਾਸਿਲ ਕੀਤੀ ਹੈ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਤਰ੍ਹਾਂ ਕੁਲ 124 ਕੋਰੋਨਾ ਪੀੜਤਾਂ ਵਿਚੋਂ 122 ਮਰੀਜ਼ ਘਰਾਂ ਨੂੰ ਚਲੇ ਗਏ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਠੀਕ ਹੋਏ ਮਰੀਜ਼ਾਂ ਨੂੰ ਧਾਰੀਵਾਲ ਅਤੇ ਬਟਾਲਾ ਤੋਂ ਪੂਰੇ ਮਾਣ-ਸਤਿਕਾਰ ਨਾਲ ਨਿਵਾਜ਼ ਕੇ ਘਰਾਂ ਨੂੰ ਭੇਜਿਆ ਗਿਆ। ਘਰਾਂ ਨੂੰ ਪਰਤ ਰਹੇ ਵਿਅਕਤੀਆਂ ਨੇ ਜ਼ਿਲਾ ਪ੍ਰਸ਼ਾਸਨ ਵਲੋਂ ਉਨ੍ਹਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜਿੰਨਾਂ ਚਿਰ ਵੀ ਇਥੇ ਰਹੇ ਉਨ੍ਹਾਂ ਦੀ ਹਰ ਜ਼ਰੂਰਤ ਪੂਰੀ ਕੀਤੀ ਗਈ, ਜਿਸ ਲਈ ਉਹ ਪ੍ਰਸ਼ਾਸ਼ਨ ਦੇ ਰਿਣੀ ਹਨ।
ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿਚ ਦੱਸਿਆ ਕਿ ਜ਼ਿਲੇ ਅੰਦਰ 124 ਕੋਰੋਨਾ ਪੀੜਤ ਹਨ। ਜਿਨ੍ਹਾਂ ਵਿਚ 01 ਵਿਅਕਤੀ ਪਿੰਡ ਭੈਣੀ ਪਸਵਾਲ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਬਟਾਲਾ ਵਿਚ 03 ਅਤੇ 02 ਪੀੜਤ ਸੀ.ਐੱਸ.ਸੀ ਧਾਰੀਵਾਲ ਵਿਖੇ ਦਾਖਲ ਸਨ ਨੂੰ ਘਰ ਭੇਜ ਦਿੱਤਾ ਗਿਆ ਹੈ, ਇਸ ਤਰ੍ਹਾਂ ਜ਼ਿਲੇ ਅੰਦਰ ਕੁੱਲ 122 ਪੀੜਤ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਕ ਔਰਤ ਪਿੰਡ ਠੀਕਰੀਵਾਲ ਬਲਾਕ ਕਾਹਨੂੰਵਾਨ, ਜਿਸਦੀ ਬੀਤੇ ਕੱਲ•ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ, ਧਾਰੀਵਾਲ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਹੈ ਅਤੇ ਤੰਦਰੁਸਤ ਹੈ। ਇਸ ਔਰਤ ਵਿਚ ਕੋਰੋਨਾ ਵਾਇਰਸ ਬਿਮਾਰੀ ਨਾਲ ਸਬੰਧਿਤ ਲੱਛਣ ਨਹੀਂ ਪਾਏ ਗਏ ਹਨ। ਇਹ ਔਰਤ ਬੀਤੇ ਦਿਨੀਂ ਗੁਰਦਾਸਪੁਰ ਵਾਸੀ ਜੋ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸੀ ਤੇ ਉਸ ਦੀ ਮੋਤ ਹੋ ਗਈ ਸੀ ਦੇ ਸੰਪਰਕ ਵਿਚ ਆਈ ਸੀ।