ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਫੈਲੀ ਅਫਵਾਹ ਦਾ ਜਾਣੋ ਅਸਲ ਸੱਚ

2/14/2020 1:23:26 PM

ਅੰਮ੍ਰਿਤਸਰ (ਦਲਜੀਤ) : ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸੰਬੰਧੀ ਫੈਲੀ ਅਫਵਾਹ ਨੂੰ ਸਿਹਤ ਵਿਭਾਗ ਨੇ ਝੂਠ ਦੱਸਿਆ ਹੈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਜਾਸੰਸੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਬੀਤੀ ਦੇਰ ਸ਼ਾਮ ਇਕ ਵਿਅਕਤੀ ਨੂੰ ਜੋ ਸਿੰਗਾਪੁਰ ਤੋਂ ਆਇਆ ਸੀ ਨੂੰ ਹਿਰਾਸਤ ਵਿਚ ਲਿਆ ਸੀ। ਇਸ ਸੰਬੰਧੀ ਇਹ ਅਫਵਾਹ ਫੈਲ ਗਈ ਸੀ ਕਿ ਉਕਤ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹੈ। 

ਉਨ੍ਹਾਂ ਦੱਸਿਆ ਕਿ ਮਰੀਜ਼ ਵਿਚ ਨਾ ਤਾਂ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਅਤੇ ਨਾ ਹੀ ਉਸ ਦੀ ਕੋਈ ਚੀਨ ਨਾਲ ਹਿਸਟਰੀ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਮਹਿਜ਼ ਖੰਘ ਦੀ ਸ਼ਿਕਾਇਤ ਸੀ ਅਤੇ ਉਸ ਦੇ ਕਹਿਣ 'ਤੇ ਹੀ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਫਿਲਹਾਲ ਕੋਈ ਸਮੱਸਿਆ ਹੈ ਅਤੇ ਨਾ ਹੀ ਉਸ ਦਾ ਕੋਈ ਕਰੋਨਾ ਵਾਇਰਸ ਨਾਲ ਸੰਬੰਧਤ ਟੈਸਟ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਜਾਵੇਗੀ।


Gurminder Singh

Edited By Gurminder Singh