ਕੋਰੋਨਾ ਦਾ ਡਰ : ਵਿਦਿਆਰਥੀ ਕਰ ਰਹੇ ਨੇ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ

04/20/2022 3:32:02 PM

ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਦੇ ਨਾਲ ਪੀ. ਐੱਸ. ਈ. ਬੀ. ਦੀਆਂ ਫਾਈਨਲ ਪ੍ਰੀਖਿਆਵਾਂ ਨੇੜੇ ਆਉਂਦੇ ਹੀ ਇਕ ਵਾਰ ਫਿਰ ਪ੍ਰੀਖਿਆਵਾਂ ’ਤੇ ਕੋਰੋਨਾ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਕੋਰੋਨਾ ਦੀ ਚੌਥੀ ਲਹਿਰ ਦੇ ਦਸਤਕ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਜਿਹੇ ਵਿਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ।

ਪ੍ਰੀਖਿਆਵਾਂ ਨੂੰ ਸਿਰਫ ਇਕ ਹਫ਼ਤਾ ਬਚਿਆ ਹੈ ਅਤੇ ਕੋਵਿਡ-19 ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ’ਤੇ ਵਿਦਿਆਰਥੀ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕਰ ਰਹੇ ਹਨ। ਯਾਦ ਰਹੇ ਕਿ ਸੀ. ਬੀ. ਐੱਸ. ਈ. ਨੇ ਮਹਾਮਾਰੀ ਨੂੰ ਦੇਖਦੇ ਹੋਏ ਇਸ ਸਾਲ ਪ੍ਰੀਖਿਆਵਾਂ ਨੂੰ ਦੋ ਵਾਰ ਕਰਵਾਉਣ ਦਾ ਫ਼ੈਸਲਾ ਲਿਆ ਸੀ। ਇਕ ਵਾਰ ਪਹਿਲੇ ਟਰਮ ਦੀਆਂ ਪ੍ਰੀਖਿਆਵਾਂ ਅਕਤੂਬਰ-ਨਵੰਬਰ ਵਿਚ ਹੋ ਚੁੱਕੀਆਂ ਹਨ ਅਤੇ ਦੂਜੀ ਟਾਰਮ ਦੀਆਂ ਪ੍ਰੀਖਿਆਵਾਂ ਹੁਣ ਅਪ੍ਰੈਲ ’ਚ ਹੋਣੀਆਂ ਹਨ।

ਮਾਹਿਰਾਂ ਵੱਲੋਂ ਵੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਦੀ ਅਗਲੀ ਲਹਿਰ ਆਉਣ ਵਾਲੀ ਹੈ। ਅਜਿਹੇ ਵਿਚ ਪੇਰੈਂਟਸ ਅਤੇ ਵਿਦਿਆਰਥੀ ਦੋਵੇਂ ਚਿੰਤਤ ਹਨ। ਕੁੱਝ ਸੂਬਿਆਂ ਦੇ ਸਕੂਲਾਂ ਵਿਚ ਪਹਿਲਾਂ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕੋਵਿਡ ਤੋਂ ਪੀੜਤ ਹੋਣ ਦੀ ਖ਼ਬਰ ਆ ਰਹੀ ਹੈ। ਇਸੇ ਦੌਰਾਨ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦੀ ਚਿੰਤਾ ਸਤਾਉਣ ਲੱਗੀ ਹੈ। ਵਿਦਿਆਰਥੀਆਂ ਦੇ ਨਾਲ ਹੀ ਮਾਪੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
 


Babita

Content Editor

Related News