''ਕੋਰੋਨਾ'' ਦੇ ਖ਼ੌਫ਼ਨਾਕ ਤਾਂਡਵ ਦੀਆਂ ਦਰਦ ਭਰੀਆਂ ਤਸਵੀਰਾਂ, ਮਰੇ ਜੀਆਂ ਦੇ ਫੁੱਲ ਪਾਉਣ ਲਈ ਵੀ ਕਰਨੀ ਪੈ ਰਹੀ ਉਡੀਕ
Tuesday, May 04, 2021 - 12:53 PM (IST)
ਸਮਰਾਲਾ (ਬੰਗੜ, ਗਰਗ) : ਪੰਜਾਬ ਦੀ ਧਰਤੀ 'ਤੇ ਕੋਰੋਨਾ ਮਹਾਮਾਰੀ ਦੇ ਮੌਤ ਦੇ ਖੌਫ਼ਨਾਕ ‘ਤਾਂਡਵ’ ਨਾਲ ਜਾ ਰਹੀਆਂ ਇਨਸਾਨੀ ਜਾਨਾਂ ਕਾਰਨ ਹੁਣ ਫ਼ੁੱਲ ਪਾਉਣ ਜਾ ਰਹੇ ਪਰਿਵਾਰਕ ਮੈਂਬਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਫੁੱਲ ਪਾਉਣ ਦੀ ਰਸਮ ਅਦਾ ਕਰਨ ਲਈ ਲੋਕਾਂ ਨੂੰ ਹੁਣ ਘੰਟਿਆਂਬੱਧੀ ਕਤਾਰ ’ਚ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਗੁਰਦੁਆਰਾ ਪਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਤੇ ਗੁਰਦੁਆਰਾ ਦੇਗਸਰ ਸ਼੍ਰੀ ਕਟਾਣਾ ਸਾਹਿਬ ਤੋਂ ਪ੍ਰਾਪਤ ਹੋਏ ਅੰਕੜੇ ਦੱਸਦੇ ਹਨ ਕਿ ਕੋਰੋਨਾ ਮਹਾਮਾਰੀ ਦੇ ਵਧੇ ਪ੍ਰਕੋਪ ਤੋਂ ਬਾਅਦ ਪੰਜਾਬ ਦੇ ਘਰਾਂ ’ਚ ਮੌਤ ਦੇ ਸੱਥਰ ਵਿਛਣ ਦੀ ਗਿਣਤੀ ਦੁੱਗਣੀ ਤੋਂ ਵੱਧ ਕੇ ਤਿੰਨ ਗੁਣਾਂ ਨੂੰ ਢੁੱਕਣ ਜਾ ਰਹੀ ਹੈ।
ਇਹ ਵੀ ਪੜ੍ਹੋ : ਆਖ਼ਰ ਪੰਜਾਬ 'ਚ ਕਿਉਂ ਨਹੀਂ ਲੱਗ ਸਕਿਆ 'ਪੂਰਨ ਲਾਕਡਾਊਨ', ਜਾਣੋ ਅੰਦਰ ਦੀ ਗੱਲ
ਪੰਜਾਬ ਦੀ ਧਰਤੀ ’ਤੇ ਵੱਸਦੇ ਪਰਿਵਾਰਾਂ ਲਈ ਲੰਘਿਆ ਹਫ਼ਤਾ ਅਤਿ-ਦਰਦਨਾਕ ਅਤੇ ਸੋਗਮਈ ਸਾਬਤ ਹੋਇਆ ਹੈ। ਸਿਰਫ਼ ਸਿੱਖ ਧਰਮ ਨਾਲ ਸਬੰਧਿਤ ਪੀੜਤ ਪਰਿਵਾਰਾਂ ਨਾਲੋਂ ਵਿੱਛੜੇ ਮ੍ਰਿਤਕਾਂ ਦੇ ਨਾਂ ਅਤੇ ਪਤੇ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਕੀ ਧਰਮਾਂ ਦੇ ਪਰਿਵਾਰਾਂ ’ਚ ਵਾਪਰੇ ਕੋਰੋਨਾ ਦੇ ਕਹਿਰ ਦਾ ਸਿੱਟਾ ਕੀ ਰਿਹਾ ਹੋਵੇਗਾ। ਸਿੱਖ ਧਰਮ ’ਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਪ੍ਰਕਿਰਿਆ ਲਈ ਵਿਸ਼ੇਸ਼ ਸਥਾਨ ਰੱਖਣ ਵਾਲੇ ਗੁਰਦੁਆਰਾ ਪਾਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ 27 ਅਪ੍ਰੈਲ ਨੂੰ 366, 28 ਅਪ੍ਰੈਲ ਨੂੰ 511, 29 ਅਪ੍ਰੈਲ ਨੂੰ 370, 30 ਅਪ੍ਰੈਲ ਨੂੰ 617, 1 ਮਈ ਨੂੰ 276, 2 ਮਈ ਨੂੰ 530 ਅਤੇ 3 ਮਈ ਨੂੰ ਤੀਜੇ ਪਹਿਰ ਤੱਕ 355 ਪਰਿਵਾਰਾਂ ਵੱਲੋਂ ਆਪਣੇ ਤੋਂ ਵਿੱਛੜੇ ਜੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾ ਚੁੱਕੀਆਂ ਹਨ।
ਇਥੇ ਦੱਸਣਯੋਗ ਹੈ ਕਿ ਇਸ ਸਥਾਨ ਉੱਪਰ ਆਮ ਦਿਨਾਂ ’ਚ ਔਸਤਨ 200 ਤੋਂ ਲੈ ਕੇ 250 ਤੱਕ ਅਸਥੀਆਂ ਜਲ ਪ੍ਰਵਾਹ ਹੁੰਦੀਆਂ ਸਨ। ਇਸੇ ਤਰ੍ਹਾਂ ਗੁਰਦੁਆਰਾ ਦੇਗਸਰ ਸ੍ਰੀ ਕਟਾਣਾ ਸਾਹਿਬ ਜਿਥੇ ਆਮ ਦਿਨਾਂ ’ਚ ਔਸਤਨ 20–22 ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਹੁੰਦੀਆਂ ਸਨ। ਉੱਥੇ ਹੁਣ ਇਹ ਅੰਕੜਾ ਵੱਧ ਕੇ 57 ਤੱਕ ਜਾ ਚੁੱਕਾ ਹੈ। ਪਿਛਲੇ 5 ਦਿਨਾਂ ਦੇ ਅੰਕੜਿਆਂ ਮੁਤਾਬਕ ਲੜੀਵਾਰ 36, 30, 57, 29 ਅਤੇ 53 ਲੋਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 'ਵੈਕਸੀਨੇਸ਼ਨ ਸਟਾਕ' ਨੇ ਵਧਾਈ ਕੈਪਟਨ ਦੀ ਚਿੰਤਾ, ਕੇਂਦਰ ਨੂੰ ਫਿਰ ਲਾਈ ਗੁਹਾਰ
ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ 1 ਅਪ੍ਰੈਲ ਤੋਂ 20 ਅਪ੍ਰੈਲ ਤੱਕ 2475 ਅਤੇ ਉਸ ਤੋਂ ਬਾਅਦ 13 ਦਿਨਾਂ ’ਚ 1888 ਲੋਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਹੋਈਆਂ ਹਨ। ਇੱਥੇ ਵੀ ਆਮ ਦਿਨਾਂ ਨਾਲੋਂ ਅੰਕੜਾ ਵੱਧ ਕੇ ਸਾਹਮਣੇ ਆਇਆ ਹੈ। ਬੇਸ਼ਕ ਇਹ ਅੰਕੜੇ ਸਿੱਧੇ ਤੌਰ ’ਤੇ ਇਹ ਸਪੱਸ਼ਟ ਨਹੀਂ ਕਰਦੇ ਕਿ ਇਹ ਮੌਤਾਂ ਕੋਰੋਨਾ ਨਾਲ ਹੋਈਆਂ ਹਨ ਪਰ ਪਿਛਲੇ ਹਫ਼ਤੇ ਤੋਂ ਕੋਰੋਨਾ ਦੇ ਵੱਧੇ ਪ੍ਰਕੋਪ ਦੌਰਾਨ ਇਨਾਂ ਅੰਕੜਿਆਂ ਵਿਚ ਹੋਇਆ ਦਿਲ ਕੰਬਾਊ ਵਾਧਾ ਕੋਰੋਨਾ ਦੇ ਕਹਿਰ ਦੀ ਗਵਾਹੀ ਜ਼ਰੂਰ ਭਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ