ਪੰਜਾਬ : ਕੋਰੋਨਾ ਵਾਇਰਸ ਸ਼ੱਕੀਆਂ ਦੀ ਗਿਣਤੀ ਹੋਈ 10, ਇਕ 'ਚ ਵਾਇਰਸ ਦੀ ਪੁਸ਼ਟੀ
Monday, Mar 09, 2020 - 10:08 PM (IST)
ਚੰਡੀਗੜ੍ਹ, (ਸ਼ਰਮਾ)-ਸੂਬੇ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਵਿਅਕਤੀਆਂ 'ਚ 8 ਮਾਰਚ ਦੇ ਮੁਕਾਬਲੇ ਇਕ ਹੋਰ ਸ਼ੱਕੀ ਦਾ ਵਾਧਾ ਹੋਇਆ ਹੈ। ਸਰਕਾਰ ਵੱਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਹੁਣ ਸ਼ੱਕੀ ਆਦਮੀਆਂ ਦੀ ਗਿਣਤੀ 10 ਹੋ ਗਈ ਹੈ। ਇਨ੍ਹਾਂ 'ਚੋਂ ਇਟਲੀ ਤੋਂ ਆਏ ਹੁਸ਼ਿਆਰਪੁਰ ਨਿਵਾਸੀ ਦੀ ਸੈਂਪਲ ਰਿਪੋਰਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਕੇਂਦਰ ਤੋਂ ਪ੍ਰਾਪਤ ਉਨ੍ਹਾਂ 5964 ਆਦਮੀਆਂ ਜਿਨ੍ਹਾਂ ਦੀ ਵੱਖ-ਵੱਖ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਰਹੀ ਹੈ, 'ਚੋਂ 909 ਵਿਅਕਤੀਆਂ ਦਾ ਹਾਲੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪਤਾ ਨਹੀਂ ਲਾ ਸਕਿਆ ਹੈ, ਜਿਸ ਕਾਰਣ ਇਸ 'ਤੇ ਨਜ਼ਰ ਨਹੀਂ ਰੱਖੀ ਜਾ ਰਹੀ। ਪਿਛਲੇ ਦਿਨ ਇਹ ਗਿਣਤੀ 925 ਸੀ।
ਪੰਜਾਬ ਸਰਕਾਰ ਨੇ ਇਸ ਸਬੰਧ 'ਚ ਕੇਂਦਰ ਨੂੰ ਸੂਚਿਤ ਕਰ ਦਿੱਤਾ ਹੈ। ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ 'ਤੇ ਲੜੀਵਾਰ 52953 ਅਤੇ 5782 ਮੁਸਾਫਰਾਂ ਦੀ ਸਕਰੀਨਿੰਗ ਕੀਤੀ ਗਈ। ਇਸ ਤੋਂ ਇਲਾਵਾ ਬਾਘਾ/ਅਟਾਰੀ ਬਾਰਡਰ ਚੈੱਕ ਪੋਸਟ 'ਤੇ 5779 ਅਤੇ ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ 'ਤੇ 14563 ਆਦਮੀਆਂ ਦੀ ਸਕਰੀਨਿੰਗ ਕੀਤੀ ਗਈ। ਇਨ੍ਹਾਂ ਸਭ 'ਚੋਂ ਸਿਰਫ ਅੰਮ੍ਰਿਤਸਰ ਏਅਰਪੋਰਟ 'ਤੇ ਸਿਰਫ 4 ਵਿਅਕਤੀ ਕੋਰੋਨਾ ਦੇ ਸ਼ੱਕੀ ਪਾਏ ਗਏ ਸਨ। ਸ਼ਨੀਵਾਰ ਤੱਕ ਕੇਂਦਰ ਤੋਂ ਪ੍ਰਾਪਤ 5964 ਮੁਸਾਫਰਾਂ ਦੀ ਸੂਚੀ 'ਚੋਂ 10 ਵਿਅਕਤੀ ਕੋਰੋਨਾ ਵਾਇਰਸ ਲਈ ਸ਼ੱਕੀ ਪਾਏ ਗਏ ਹਨ, ਜਦੋਂਕਿ 3609 ਦੀ ਨਿਗਰਾਨੀ ਦੀ 28 ਦਿਨ ਦੀ ਸਮਾਂ ਸੀਮਾ ਪਾਰ ਹੋ ਚੁੱਕੀ ਹੈ। 1 ਸ਼ੱਕੀ ਦੀ ਰਿਪੋਰਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਦੋਂਕਿ 58 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 1388 ਵਿਅਕਤੀਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਇਨ੍ਹਾਂ 'ਚੋਂ 10 ਸ਼ੱਕੀ ਵਿਅਕਤੀਆਂ ਨੂੰ ਹਸਪਤਾਲਾਂ 'ਚ ਦਾਖਲ ਕੀਤਾ ਗਿਆ ਹੈ, ਜਦੋਂਕਿ ਹੋਰ 1378 ਨੂੰ ਘਰਾਂ 'ਚ ਵੱਖ-ਵੱਖ ਰੱਖ ਕੇ ਉਨ੍ਹਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।