ਕੋਰੋਨਾ ਵਾਇਰਸ ਤੋਂ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਕੈਪਟਨ
Saturday, Mar 14, 2020 - 11:49 PM (IST)
 
            
            ਜਲੰਧਰ : ਕੋਰੋਨਵਾਇਰਸ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਨਾ ਘਬਰਾਉਣ ਲਈ ਕਿਹਾ ਹੈ। ਕੈਪਟਨ ਨੇ ਕਿਹਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਕੋਰੋਨਾ ਵਾਇਰਸ ਕੋਵਿਡ-19 ਨੂੰ ਲੈ ਕੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ, ਬਸ ਇਸ 'ਤੇ ਅਹਿਤਿਆਤ ਵਰਤਣ ਦੀ ਲੋੜ ਹੈ। ਅਸੀਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਪੂਰੀ ਤਰ੍ਹਾਂ ਚੈਕਅੱਪ ਕਰਵਾ ਰਹੇ ਹਾਂ ਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਬੰਦੋਬਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਸਿਹਤ ਤੇ ਸਾਫ਼ ਸਫ਼ਾਈ ਨੂੰ ਲੈ ਕੇ ਦੱਸੀਆਂ ਜਾ ਰਹੀਆਂ ਜ਼ਰੂਰੀ ਗੱਲਾਂ 'ਤੇ ਧਿਆਨ ਦਿਓ ਤੇ ਉਸ 'ਤੇ ਅਮਲ ਕਰੋ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਕੱਠੇ ਰੱਲ ਕੇ ਕੋਰੋਨਾ ਵਾਇਰਸ ਤੋਂ ਨਿਜਾਤ ਪਾ ਲਵਾਂਗੇ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਪੱਖੋਂ ਕੋਰੋਨਾ ਤੋਂ ਬਚਾਅ ਕਰਨ ਲਈ ਕੰਮ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਸਹੀ ਤਰੀਕੇ ਨਾਲ ਇਸ ਦਾ ਸਾਹਮਣਾ ਕਰੀਏ ਤਾਂ ਆਪਾਂ ਆਪਣੇ ਪਰਿਵਾਰਾਂ ਨੂੰ ਬਚਾਅ ਸਕਾਂਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੰਦਿਆਂ ਦੇ ਟੈਸਟ ਹੋਏ ਹਨ, ਉਨ੍ਹਾਂ 'ਚੋਂ ਸਿਰਫ ਅੰਮ੍ਰਿਤਸਰ ਦੇ ਇਕ ਵਿਅਕਤੀ ਦਾ ਟੈਸਟ ਪਾਜ਼ੀਟਿਵ ਆਇਆ ਹੈ, ਜੋ ਕਿ ਇਟਲੀ ਤੋਂ ਆਇਆ ਸੀ ਤੇ ਇਟਲੀ 'ਚ ਕੋਰੋਨਾ ਦਾ ਕਾਫੀ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਸਕ ਦੀ ਲੋੜ ਪਵੇਗੀ ਜਾਂ ਦਵਾਈਆਂ ਦੀ ਲੋੜ ਪਏਗੀ ਤਾਂ ਇਹ ਸਭ ਸਾਡੇ ਕੋਲ ਮੌਜੂਦ ਹਨ। ਉਥੇ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਿਆਂ 'ਚ ਪਿੰਡਾਂ ਤੇ ਸ਼ਹਿਰਾਂ 'ਚ ਸਾਡੀਆਂ ਮੈਡੀਕਲ ਟੀਮਾਂ ਮਿਲਣਗੀਆਂ, ਜੋ ਤੁਹਾਨੂੰ ਪੁੱਛਣਗੇ ਤਾਂ ਤੁਸੀਂ ਆਪਣਾ ਟੈਸਟ ਜ਼ਰੂਰ ਕਰਾਉਣਾ ਹੈ ਤਾਂ ਜੋ ਜਲਦੀ -ਜਲਦੀ ਇਸ ਦਾ ਪਤਾ ਲੱਗੇ ਤਾਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਪ੍ਰਬੰਧ ਖੁਦ ਵੀ ਕਰਨਾ ਹੈ ਅਤੇ ਆਪਣੇ ਹੱਥਾਂ ਨੂੰ ਤੁਸੀਂ ਚੰਗੀ ਤਰ੍ਹਾ ਜਿੰਨੀ ਵਾਰ ਦਿਨ 'ਚ ਧੋਅ ਸਕਦੇ ਹੋ ਧੋਵੋ ਅਤੇ ਇੱਕਠਾਂ 'ਚ ਨਾ ਜਾਓ, ਜੇਕਰ ਕਿਸੇ ਨੂੰ ਕੋਈ ਸ਼ੱਕ ਹੈ, ਜਾਂ ਕਿਸੇ ਨੂੰ ਕੋਈ ਬਿਮਾਰੀ ਦਾ ਖਤਰਾ ਹੈ ਤਾਂ 104 ਨੰਬਰ ਤੇ ਤੁਸੀਂ ਟੈਲੀਫੋਨ ਕਰੋ। ਜੇਕਰ ਕਿਸੇ ਨੂੰ ਬੁਖਾਰ ਹੋਇਆ ਜਾਂ ਕੋਈ ਗਲਾ ਖਰਾਬ ਹੈ ਤਾਂ ਤੁਸੀਂ ਜ਼ਰੂਰ ਡਾਕਟਰ ਨੂੰ ਜਾ ਕੇ ਮਿਲੋ ਤੇ ਉਸ ਨੂੰ ਆਮ ਨਾ ਸਮਝੋ ਤੇ ਡਾਕਟਰ ਨੂੰ ਦਿਖਾਓ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            