ਕੋਰੋਨਾ ਵਾਇਰਸ : ਪਾਕਿ ਸਰਕਾਰ ਨੇ ਸੋਸ਼ਲ ਡਿਸਟੈਂਸ ਲਈ 6 ਫੁੱਟ ਦੀ ਦੂਰੀ ਬਣਾਈ ਰੱਖਣ ਦੇ ਦਿੱਤੇ ਹੁਕਮ
Sunday, Mar 29, 2020 - 11:28 PM (IST)
ਗੁਰਦਾਸਪੁਰ/ਪਾਕਿਸਤਾਨ, (ਵਿਨੋਦ)- ਕੋਰੋਨਾ ਵਾਇਰਸ ਕਾਰਣ ਜਿੱਥੇ ਭਾਰਤ ਸਰਕਾਰ ਵੱਲੋਂ ਸੋਸ਼ਲ ਡਿਸਟੈਂਸ ਸਬੰਧੀ ਲੋਕਾਂ ਨੂੰ ਇਕ ਮੀਟਰ ਦੀ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਹੈ, ਉੱਥੇ ਹੀ ਪਾਕਿ ਸਰਕਾਰ ਨੇ ਆਪਣੇ ਦੇਸ਼ ’ਚ ਹਾਲਾਤ ਖਰਾਬ ਹੁੰਦਿਆਂ ਦੇਖ ਕੇ ਸੋਸ਼ਲ ਡਿਸਟੈਂਸ ਲਈ 6 ਫੁੱਟ ਦੀ ਦੂਰੀ ਬਣਾਏ ਰੱਖਣ ਦਾ ਲੋਕਾਂ ਨੂੰ ਆਦੇਸ਼ ਜਾਰੀ ਕੀਤਾ ਹੈ। ਪਾਕਿਸਤਾਨ ’ਚ ਹੁਣ ਸੋਸ਼ਲ ਡਿਸਟੈਂਸ ਲਈ ਆਪਸ ’ਚ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪਾਕਿਸਤਾਨ ’ਚ ਇਸ ਸਮੇਂ ਕੋਰੋਨਾ ਵਾਇਰਸ ਨਾਲ ਪੀਡ਼ਤ ਲੋਕਾਂ ਦੀ ਗਿਣਤੀ ਵਧ ਕੇ 1550 ਤੋਂ ਪਾਰ ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਪੀਡ਼ਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਪਾਕਿਸਤਾਨ ਨੇ ਕਈ ਹੋਰ ਆਦੇਸ਼ ਵੀ ਜਾਰੀ ਕੀਤੇ ਹਨ ਪਰ ਲੋਕਾਂ ’ਚ ਆਪਸੀ ਦੂਰੀ 6 ਫੁੱਟ ਬਣਾਏ ਰੱਖਣ ਦੀ ਪਾਲਣਾ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦਾ ਆਦੇਸ਼ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ। ਉੱਥੇ ਹੀ ਪਾਕਿਸਤਾਨ ’ਚ ਇਸ ਸਮੇਂ 7 ਡਾਕਟਰ, 6 ਪੁਲਸ ਅਧਿਕਾਰੀ ਅਤੇ 12 ਨਰਸਾਂ ਵੀ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਈਆਂ ਗਈਆਂ ਹਨ।