ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ ਨੂੰ ਹੋਇਆ ਕੋਰੋਨਾ ਵਾਇਰਸ
Wednesday, Apr 01, 2020 - 06:40 PM (IST)
ਅੰਮ੍ਰਿਤਸਰ (ਦਲਜੀਤ) : ਬੀਤੇ ਦਿਨੀਂ ਖੰਘ, ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਕੀਤੀ ਹੈ। ਭਾਈ ਨਿਰਮਲ ਸਿੰਘ ਦੋ ਦਿਨ ਪਹਿਲਾਂ ਹੀ ਹਸਪਤਾਲ ਦਾਖਲ ਹੋਏ ਸਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਵਿਭਾਗ ਵਲੋਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਆਈਸੋਲੇਟ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਕਰਫਿਊ ਦਰਮਿਆਨ ਜਲੰਧਰ ''ਚ ਲਗਾਈ ਗਈ ਸੀ. ਆਰ. ਪੀ. ਐੱਫ.
ਦੱਸਣਯੋਗ ਹੈ ਕਿ ਸੋਮਵਾਰ ਨੂੰ ਹੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ। ਭਾਈ ਨਿਰਮਲ ਸਿੰਘ ਨੂੰ ਖੰਘ ਬੁਖਾਰ ਦੇ ਨਾਲ-ਨਾਲ ਸਾਹ ਲੈਣ 'ਚ ਤਕਲੀਫ ਸੀ। ਹਸਪਤਾਲ ਦੇ ਡਾਕਟਰਾਂ ਵਲੋਂ ਉਨ੍ਹਾਂ ਦੀ ਸਕਰੀਨਿੰਗ ਕਰਕੇ ਟੈਸਟਿੰਗ ਲਈ ਬਲੱਡ ਸੈਂਪਲ ਲੈ ਜਾਂਚ ਲਈ ਭੇਜ ਦਿੱਤਾ ਸੀ। ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਚਾਲਿਤ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਵੱਲਾ 'ਚ ਉਹ ਕੁਝ ਦਿਨ ਇਲਾਜ ਅਧੀਨ ਰਹੇ। ਉਨ੍ਹਾਂ ਨੇ ਡਾਕਟਰਾਂ ਤੋਂ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਮਰੀ ਲੁਧਿਆਣਾ ਦੀ ਔਰਤ ਦੀ ਪੁਲਸ ਨੇ ਕਢਵਾਈ ਕਾਲ ਡਿਟੇਲ
ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੰਜ ਮਰੀਜ਼ ਪਾਜ਼ੇਟਿਵ ਪਾਏ ਗਏ। ਇਸ ਤੋਂ ਪਹਿਲਾਂ ਲੁਧਿਆਣਾ ਦਾ ਇਕ ਅਤੇ ਮੋਹਾਲੀ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਲਾਵਾ ਪੰਜਾਬ ਵਿਚ ਹੁਣ ਤਕ ਚਾਰ ਲੋਕਾਂ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਅਟਾਰੀ ਰਾਹੀਂ ਪਾਕਿ ਗਏ ਦੋ ਲੋਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਹੱਦ ''ਤੇ ਪਈ ਭਾਜੜ