ਕੀ ਪੰਜਾਬ ''ਚ ਕੋਵਿਡ-19 ਕਾਰਨ ਮਰਨ ਵਾਲੇ ਧਾਰਮਿਕ ਪ੍ਰਚਾਰਕ ਨਾਲ ਹੋਏ ਕਈ ਲੋਕ ਸੰਕਰਮਿਤ
Saturday, Mar 28, 2020 - 12:31 AM (IST)
ਜਲੰਧਰ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਏ ਇਕ ਵਿਅਕਤੀ ਕਾਰਨ ਸੂਬੇ 'ਚ ਹਜ਼ਾਰਾਂ ਲੋਕ ਘਰਾਂ 'ਚ ਡੱਕੇ ਗਏ ਹਨ। ਪੰਜਾਬ 'ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪਹਿਲੀ ਮੌਤ ਨਵਾਂ ਸ਼ਹਿਰ ਦੇ ਬੰਗਾ ਕਸਬੇ ਨੇੜਲੇ ਇਕ ਪਿੰਡ ਦੇ 70 ਸਾਲਾ ਬਜ਼ੁਰਗ ਬਲਦੇਵ ਸਿੰਘ ਦੀ ਹੋਈ ਸੀ। ਉਸ ਦੀ ਮੌਤ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਕਰੀਬ 2200 ਦੀ ਵਸੋਂ ਵਾਲਾ ਪਠਲਾਵਾ ਪਿੰਡ ਪੂਰੀ ਤਰ੍ਹਾਂ ਕੁਆਰੰਟੀਨ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਪਠਲਾਵਾ ਦੇ ਨਾਲ ਲੱਗਦੇ 20 ਪਿੰਡ ਵੀ ਕੁਆਰੰਟੀਨ ਕਰ ਦਿੱਤੇ ਗਏ, ਜਿਸ ਦੌਰਾਨ ਕਰੀਬ 40 ਹਜ਼ਾਰ ਲੋਕ ਘਰਾਂ 'ਚ ਡੱਕੇ ਰਹਿ ਗਏ ਹਨ। ਪੰਜਾਬ ਦੇ ਬੰਗਾ ਨਿਵਾਸੀ 70 ਸਾਲਾ ਬਲਦੇਵ ਸਿੰਘ, ਜੋ ਇਟਲੀ ਅਤੇ ਜਰਮਨੀ ਦੀ ਯਾਤਰਾ ਦੇ ਬਾਅਦ ਬੀਮਾਰ ਹੋ ਗਿਆ ਸੀ ਤੇ ਵਿਦੇਸ਼ ਤੋਂ ਵਾਪਸ ਪਰਤਣ ਤੋਂ ਬਾਅਦ ਬਲਦੇਵ ਨੇ ਆਪਣੇ ਆਪ ਨੂੰ ਅਲੱਗ ਰੱਖਣ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ, ਜੋ ਕਿ ਸੂਬੇ 'ਚ ਕੋਰੋਨਾ ਵਾਇਰਸ ਦੇ 'ਸੁਪਰ-ਸਪਰੈਡਰ' ਹੋ ਸਕਦੇ ਹਨ। ਸੂਬੇ 'ਚ ਸਿਹਤ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜਿਨ੍ਹਾਂ ਦੋ ਹੋਰ ਲੋਕਾਂ ਦੇ ਨਾਲ ਉਸ ਨੇ ਯਾਤਰਾ ਕੀਤੀ ਸੀ, ਉਨ੍ਹਾਂ 'ਚ ਇਕ ਧਾਰਮਿਕ ਨੇਤਾ ਵੀ ਸ਼ਾਮਲ ਹੈ ਤੇ ਉਸ ਨੇ ਵੀ ਇਸ ਬੀਮਾਰੀ ਨੂੰ ਵਿਆਪਕ ਰੂਪ ਨਾਲ ਫੈਲਾਇਆ ਹੋਵੇਗਾ। ਸੁਪਰ-ਸਪਰੈਡਰ ਸ਼ਬਦ ਉਸ ਕੋਵਿਡ-19 ਸੰਕਰਮਿਤ ਵਿਅਕਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨੇ ਕਾਫੀ ਸਾਰੇ ਲੋਕਾਂ ਨੂੰ ਸੰਕਰਮਿਤ ਕੀਤਾ ਹੁੰਦਾ ਹੈ।
ਖਬਰਾਂ ਮੁਤਾਬਕ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਲਦੇਵ ਸਿੰਘ ਇਕ ਕੀਰਤਨੀ ਜੱਥੇ ਦਾ ਮੈਂਬਰ ਤੇ ਧਾਰਮਿਕ ਪ੍ਰਚਾਰਕ ਸੀ, ਜਿਸ ਕਾਰਨ ਉਹ ਅਕਸਰ ਵਿਦੇਸ਼ ਜਾਂਦਾ ਰਹਿੰਦਾ ਸੀ। ਸਰਪੰਚ ਮੁਤਾਬਕ ਬਲਦੇਵ ਦਾ ਜੱਥਾ 6 ਮਾਰਚ ਨੂੰ ਦਿੱਲੀ ਪਹੁੰਚਿਆ, ਜਿਸ ਮਗਰੋਂ 7 ਮਾਰਚ ਨੂੰ ਇਕ ਨਿੱਜੀ ਕਾਰ ਰਾਹੀਂ ਉਹ ਪਿੰਡ ਪਹੁੰਚੇ ਸਨ ਤੇ 18 ਮਾਰਚ ਨੂੰ ਉਸ ਦੀ ਮੌਤ ਹੋ ਗਈ। ਪੰਜਾਬ 'ਚ ਬਿਤਾਏ ਉਸ ਦੇ ਇਹ ਆਖਰੀ ਦਿਨ ਪ੍ਰਸ਼ਾਸਨ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉਥੇ ਹੀ ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਆਪਣੀ ਮੌਤ ਤੋਂ ਥੋੜੀ ਦੇਰ ਪਹਿਲਾ ਹੋਲਾ-ਮੁਹੱਲਾ ਦੇ ਸਿੱਖ ਤਿਓਹਾਰ ਨੂੰ ਮਨਾਉਣ ਲਈ ਇਕ ਵਿਸ਼ਾਲ ਇਕੱਠ 'ਚ ਗਿਆ ਸੀ। ਜਿਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਹਨ।
ਹਾਲਾਂਕਿ ਮਾਹਿਰ ਇਸ ਗੱਲੋਂ ਵੀ ਚਿੰਤਤ ਹਨ ਕਿ ਇਨ੍ਹਾਂ ਵਿਅਕਤੀਆਂ ਵਲੋਂ ਕੀਤੇ ਗਏ ਸਕਾਰਾਤਮਕ ਮਾਮਲਿਆਂ ਦੀ ਅਸਲ ਗਿਣਤੀ ਕਿਤੇ ਵੱਧ ਹੋ ਸਕਦੀ ਹੈ। ਉਥੇ ਹੀ ਭਾਰਤ ਦੀ ਟੈਸਟਿੰਗ ਵਿਸ਼ਵ 'ਚ ਸਭ ਤੋਂ ਘੱਟ ਰੈਂਕਾਂ 'ਚੋਂ ਇਕ ਹੈ ਅਤੇ ਇਸ ਦੀ ਸਮਰੱਥਾ ਵਧਾਉਣ ਦੇ ਯਤਨ ਜਾਰੀ ਹਨ। ਸੂਤਰਾਂ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਅਸੀਂ 550 ਲੋਕਾਂ ਦਾ ਪਤਾ ਲਗਾ ਲਿਆ ਹੈ ਜੋ ਉਸ ਨਾਲ ਸਿੱਧਾ ਸੰਪਰਕ 'ਚ ਆਏ ਸਨ ਅਤੇ ਇਹ ਗਿਣਤੀ ਵੱਧ ਵੀ ਹੋ ਸਕਦੀ ਹੈ। ਜਿਸ ਦੌਰਾਨ ਉਸ ਦੇ ਆਲੇ-ਦੁਆਲੇ ਦੇ 20 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।