ਰੋਪੜ ਦੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਗੁਰਦਾਸਪੁਰ ਨਾਲ ਜੁੜੇ ਤਾਰ, ਸੀਲ ਕੀਤਾ ਗਿਆ ਪਿੰਡ
Sunday, Apr 05, 2020 - 06:08 PM (IST)
ਗੁਰਦਾਸਪੁਰ (ਵਿਨੋਦ) : ਰੋਪੜ 'ਚ ਕੋਰੋਨਾ ਵਾਇਰਸ ਪੀੜਤ ਵਿਅਕਤੀ ਦਾ ਸੰਪਰਕ ਜ਼ਿਲਾ ਗੁਰਦਾਸਪੁਰ ਦੇ ਪਿੰਡ ਰਾਊਵਾਲ ਨਾਲ ਪਾਏ ਜਾਣ ਕਾਰਨ ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਗੁਰਦਾਸਪੁਰ ਪ੍ਰਸ਼ਾਸਨ ਨੇ ਇਸ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਉਥੇ ਉਕਤ ਰੋਪੜ 'ਚ ਪੀੜਤ ਪਾਏ ਜਾਣ ਵਾਲੇ ਵਿਅਕਤੀ ਦੇ ਸੰਪਰਕ 'ਚ ਆਏ ਲਗਭਗ 25 ਪਰਿਵਾਰਾਂ ਦੇ 135 ਮੈਂਬਰਾਂ ਦੇ ਸੈਪਲ ਲੈ ਕੇ ਜਾਂਚ ਲਈ ਭੇਜੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਛੇਵੀਂ ਮੌਤ
ਕੀ ਹੈ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ 'ਚ ਬੀਤੇ ਦਿਨੀਂ ਇਕ ਵਿਅਕਤੀ ਕੋਰੋਨਾ ਵਾਇਰਸ ਪਾਜ਼ੇਟਿਵ ਆਇਆ ਸੀ। ਉਹ ਵਿਅਕਤੀ ਕ੍ਰਿਸਚੀਅਨ ਭਾਈਚਾਰੇ ਦੇ ਧਾਰਮਿਕ ਪ੍ਰੋਗਰਾਮਾਂ 'ਚ ਇਕ ਟੀਮ ਦਾ ਪ੍ਰਚਾਰਕ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ 17-18 ਮਾਰਚ ਨੂੰ ਪਿੰਡ ਰਾਊਵਾਲ 'ਚ ਇਕ ਧਾਰਮਿਕ ਪ੍ਰੋਗਰਾਮ ਕਰਨ ਲਈ ਗਿਆ ਸੀ। ਉਸ ਪ੍ਰੋਗਰਾਮ ਦੇ ਪਿੰਡ ਰਾਊਵਾਲ ਦੇ ਲਗਭਗ 25 ਪਰਿਵਾਰਾਂ ਦੇ 135 ਮੈਂਬਰ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਪਿੰਡ ਵਾਲਿਆਂ ਵਲੋਂ ਲਾਏ ਨਾਕੇ ''ਤੇ ਫਸਿਆ ਪੁਲਸ ਮੁਲਾਜ਼ਮ, ਸਾਹਮਣੇ ਆਈ ਕਰਤੂਤ
ਜ਼ਿਲਾ ਪ੍ਰਸ਼ਾਸਨ ਨੇ ਕੀ ਕਦਮ ਚੁੱਕੇ
ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਨੂੰ ਰੋਪੜ ਪ੍ਰਸ਼ਾਸਨ ਤੋਂ ਸੂਚਨਾ ਮਿਲੀ ਸੀ ਕਿ ਜੋ ਵਿਅਕਤੀ ਰੋਪੜ 'ਚ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਉਹ ਮਸੀਹ ਧਾਰਮਿਕ ਸਭਾਵਾਂ 'ਚ ਧਰਮ ਪ੍ਰਚਾਰ ਲਈ ਜਾਂਦਾ ਹੈ। ਉਕਤ ਵਿਅਕਤੀ 17-18 ਮਾਰਚ ਨੂੰ ਪਿੰਡ ਰਾਊਵਾਲ 'ਚ ਵੀ ਆਪਣੀ ਟੀਮ ਨਾਲ ਆਇਆ ਸੀ ਅਤੇ ਰਾਊਵਾਲ 'ਚ ਧਾਰਮਿਕ ਸਭਾ ਵੀ ਸੀ। ਜ਼ਿਲਾ ਪ੍ਰਸ਼ਾਸਨ ਨੇ ਇਹ ਸੂਚਨਾ ਮਿਲਦੇ ਹੀ ਪਿੰਡ ਨੂੰ ਸੀਲ ਕਰ ਦਿੱਤਾ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਉਥੇ ਭੇਜ ਕੇ ਰੋਪੜ ਦੇ ਪੀੜਤ ਵਿਅਕਤੀ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਦੇ ਸੈਂਪਲ ਲੈਣ ਦਾ ਕੰਮ ਸ਼ੁਰੂ ਕੀਤਾ ਹੈ। ਗੁਰਦਾਸਪੁਰ ਦੇ ਐੱਸ.ਡੀ.ਐੱਮ ਸਕੱਤਰ ਸਿੰਘ ਬਲ ਅਨੁਸਾਰ ਜ਼ਿਲਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦਾ ਅਤੇ ਇਹੀ ਕਾਰਨ ਹੈ ਕਿ ਇਸ ਪਿੰਡ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ ''ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ