''ਕੋਰੋਨਾ'' ਤੋਂ ਨਿਡਰ ਹੋ ਕੇ ਲੋਕਾਂ ਦੀ ''ਰਾਖੀ'' ਕਰ ਰਹੇ ਜਵਾਨਾਂ ਦੀ ਕੌਣ ਕਰੂ ਰੱਖਿਆ!
Friday, Mar 27, 2020 - 01:02 PM (IST)
ਭਵਾਨੀਗੜ੍ਹ (ਸੰਜੀਵ): ਕੋਰੋਨਾ ਵਾਇਰਸ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਹਰ ਵਰਗ ਨੂੰ ਧਿਆਨ 'ਚ ਰੱਖ ਕੇ ਫੈਸਲੇ ਲਏ ਜਾ ਰਹੇ ਹਨ। ਸੜਕਾਂ 'ਤੇ ਦਿਨ-ਰਾਤ ਪਹਿਰਾ ਦੇ ਕੇ ਲੋਕਾਂ ਨੂੰ ਸੁਰੱਖਿਅਤ ਕਰ ਰਹੇ ਪੰਜਾਬ ਪੁਲਸ ਦੇ ਜਵਾਨਾਂ ਲਈ ਅੱਜ ਸਰਕਾਰ ਨੂੰ ਵਿਸ਼ੇਸ਼ ਪੈਕੇਜ ਅਤੇ ਵਿਸ਼ੇਸ਼ ਕਿੱਟਾਂ ਦਾ ਐਲਾਨ ਕਰਨ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਨੇ ਭਾਵੇਂ ਸਾਰੀ ਪੁਲਸ ਸੜਕਾਂ 'ਤੇ ਉਤਾਰ ਦਿੱਤੀ ਹੈ ਅਤੇ ਪੁਲਸ ਦੇ ਇਹ ਜਵਾਨ ਸਰਕਾਰ ਦੇ ਹੁਕਮਾਂ ਦੀ ਡੰਡੇ ਫੜ ਕੇ ਪਾਲਣਾ ਕਰਵਾ ਰਹੇ ਹਨ। ਇੱਥੋਂ ਤੱਕ ਕਿ ਵੱਡੇ-ਵੱਡੇ ਅਧਿਕਾਰੀ ਵੀ ਡੰਡੇ ਫੜ ਕੇ ਸੜਕਾਂ 'ਤੇ ਖੜ੍ਹੇ ਹਨ। ਇਨ੍ਹਾਂ ਜਵਾਨਾਂ ਦੇ ਹੱਥਾਂ 'ਚ ਦਸਤਾਨੇ ਤੱਕ ਨਹੀਂ ਹਨ। ਸਰਕਾਰ ਨੇ ਇਨ੍ਹਾਂ ਬਾਰੇ ਅਜੇ ਤੱਕ ਕੁਝ ਨਹੀਂ ਸੋਚਿਆ ਹੈ। ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਕਰਫਿਊ ਦੌਰਾਨ ਸੜਕਾਂ 'ਤੇ ਖੜ੍ਹੇ ਪੁਲਸ ਜਵਾਨਾਂ ਲਈ ਮਾਸਕ, ਸੈਨੇਟਾਈਜ਼ਰ ਅਤੇ ਵਿਸ਼ੇਸ਼ ਕਿੱਟਾਂ ਦਸਤਾਨੇ ਅਤੇ ਵਿਸ਼ੇਸ਼ ਬੂਟ ਮੁਹੱਈਆ ਕਰਵਾਉਣੇ ਚਾਹੀਦੇ ਹਨ। ਇਕ ਪਿੰਡ 'ਚ ਨਾਕਾ ਲਾਈ ਖੜ੍ਹੇ ਪੁਲਸ ਦੇ ਜਵਾਨਾਂ ਨੇ ਭਾਵੇਂ ਮਾਸਕ ਪਾਏ ਹੋਏ ਹਨ ਪਰ ਜੋ ਸਾਮਾਨ ਕੋਰੋਨਾ ਵਾਇਰਸ ਤੋਂ ਬਚਣ ਲਈ ਇਨ੍ਹਾਂ ਨੂੰ ਚਾਹੀਦਾ ਹੈ ਉਹ ਇਨ੍ਹਾਂ ਕੋਲ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ
ਜਦੋਂ ਨਾਕਿਆਂ 'ਤੇ ਖੜ੍ਹੇ ਪੁਲਸ ਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 'ਯਾਰ ਸਾਡੇ ਬਾਰੇ ਪਤਾ ਨਹੀਂ ਸਰਕਾਰ ਕਦੋਂ ਸੋਚੂ, ਅਸੀਂ ਤਾਂ ਸਵੇਰ ਤੋਂ ਰਾਤ ਤੱਕ ਲੋਕਾਂ ਬਾਰੇ ਸੋਚ ਰਹੇ ਹਾਂ, ਸਾਡੇ ਕੋਲ ਕੋਈ ਵਿਸ਼ੇਸ਼ ਕਿੱਟਾਂ ਨਹੀਂ ਹਨ ਨਾ ਹੀ ਸਰਕਾਰ ਸਾਡੇ ਬਾਰੇ ਕੁਝ ਸੋਚ ਰਹੀ ਹੈ।'
ਇਹ ਵੀ ਪੜ੍ਹੋ: ਚੰਡੀਗੜ੍ਹ: ਕਰਫਿਊ ਹੈਲਪਲਾਈਨ 'ਚ ਤਬਦੀਲ ਹੋਇਆ '112 ਹੈਲਪਲਾਈਨ ਨੰਬਰ'