ਮਿਸ਼ਨ ਫਤਿਹ:ਡੀ.ਸੀ.ਨੇ 20 ਕਿਲੋਮੀਟਰ ਸਾਈਕਲ ਚਲਾ ਕੇ ਦਿੱਤਾ ਕੋਰੋਨਾ ਲਾਗ ਦੀ ਬਿਮਾਰੀ ਤੋਂ ਬਚਣ ਦਾ ਸੰਦੇਸ਼
Thursday, Jun 04, 2020 - 10:49 AM (IST)
ਫਿਰੋਜ਼ਪੁਰ (ਕੁਮਾਰ,ਪਰਮਜੀਤ,ਭੁੱਲਰ, ਖੁੱਲਰ): ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਸਬੰਧੀ ਲੋਕਾਂ 'ਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਤਕਰੀਬਨ 20 ਕਿੱਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਡੀ. ਐੱਮ. ਅਮਿਤ ਗੁਪਤਾ, ਸਾਈਕਲਿੰਗ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਅਨੀਰੁੱਧ ਗੁਪਤਾ ਅਤੇ ਸਕੱਤਰ ਸੋਹਣ ਸਿੰਘ ਸੋਢੀ, ਅਸ਼ੋਕ ਬਹਿਲ, ਸੀਨੀਅਰ ਮੈਂਬਰ ਹਰੀਸ਼ ਮੋਂਗਾ ਸਮੇਤ ਹੋਰ ਸਾਈਕਲਿਸਟਾਂ ਨਾਲ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਤੋਂ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧ ਤੱਕ 20 ਕਿੱਲੋਮੀਟਰ ਸਾਈਕਲ ਚਲਾ ਕੇ ਪਹੁੰਚੇ। ਵਿਸ਼ਵ ਸਾਈਕਲ ਦਿਵਸ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸ਼ਰੀਰ ਦੀ ਤੰਦਰੁਸਤੀ ਲਈ ਸਾਈਕਲ ਚਲਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਸਾਡੇ ਸ਼ਰੀਰ 'ਚ ਇਮਿਊਨਿਟੀ ਪਾਵਰ 'ਚ ਵਾਧਾ ਹੁੰਦਾ ਹੈ ਜੋ ਕਿ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲੜਨ 'ਚ ਮਦਦਗਾਰ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਨਾਲ ਲੜਾਈ 'ਚ ਅਸੀਂ ਕਾਫੀ ਹੱਦ ਤਕ ਅੱਗੇ ਵੱਧ ਚੁਕੇ ਹਾਂ ਅਤੇ ਜ਼ਿਲ੍ਹੇ 'ਚ ਸਾਰੇ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੱਕੇ ਹਨ ਪਰ ਖਤਰਾ ਅਜੇ ਪੂਰਾ ਟਲਿਆ ਨਹੀਂ। ਜਦ ਤਕ ਇਹ ਬੀਮਾਰੀ ਪੂਰੀ ਤਰ੍ਹਾਂ ਨਾਲ ਕਾਬੂ 'ਚ ਆ ਜਾਂਦੀ ਤਦ ਤਕ ਸਮਾਜਿਕ ਦੂਰੀ, ਮਾਸਕ ਪਹਿਨਣਾ, ਸਵੱਛਤਾ ਨੂੰ ਬਣਾਈ ਰੱਖਣ ਦੇ ਨਿਯਮਾਂ ਨੂੰ ਅਪਣਾਉਣ ਦੀ ਸਖਤ ਲੋੜ ਹੈ। ਅੰਤ 'ਚ ਇਸ ਸਾਇਕਲ ਰਾਇਡਿੰਗ 'ਚ ਸ਼ਾਮਲ ਹੋਏ ਸਾਰੇ ਮੈਂਬਰਾਂ ਨੂੰ ਦਾਸ ਐਂਡ ਬਰਾਊਨ ਸਕੂਲ ਵਿਖੇ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਇਸ 'ਚ ਸਾਈਕਲਿੰਗ ਐਸੋਸੀਏਸ਼ਨ ਦੇ ਮੈਂਬਰ ਡਾ. ਸਤਿੰਦਰ ਸਿੰਘ, ਗੁਰਮੁਖ ਸਿੰਘ, ਹਰਬੀਰ ਸੰਧੂ, ਡਾ. ਕਮਲ, ਡਾ. ਰਜਨੀਸ਼, ਮਨਜੀਤ ਸਿੰਘ, ਸੁਰਿੰਦਰ ਸਿੰਘ, ਵਿਕਰਮਦਿਤਿਯ ਸ਼ਰਮਾ, ਗਜਲਪ੍ਰੀਤ ਸਿੰਘ, ਜਗਦੀਪ ਮੰਗਤ, ਅਮਨਦੀਪ ਸੰਧੂ, ਪ੍ਰੀਤਪਾਲ ਸੰਧੂ, ਸੰਜੀਵ ਟੰਡਨ, ਕੁਲਭੁਸ਼ਨ ਕੁਮਾਰ, ਬਲਵਿੰਦਰ ਮੋਹੀ ਨੇ ਵੀ ਹਿੱਸਾ ਲਿਆ।