ਕੋਰੋਨਾ ਵਾਇਰਸ ਦੀ ਦਹਿਸ਼ਤ - ਫਰੀਦਕੋਟ ਦੇ ਸਿਹਤ ਵਿਭਾਗ ਨੇ ਕੀਤੇ ਪੁਖਤਾ ਪ੍ਰਬੰਧ
Thursday, Mar 05, 2020 - 12:09 PM (IST)
ਕੋਟਕਪੂਰਾ (ਨਰਿੰਦਰ) - ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਅੱਜ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ ਅਤੇ ਇਹ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਚੀਨ ਤੋਂ ਬਾਅਦ ਇਟਲੀ, ਇਰਾਨ, ਅਮਰੀਕਾ, ਜਾਪਾਨ ਅਤੇ ਭਾਰਤ ਸਮੇਤ ਅਨੇਕਾਂ ਦੇਸ਼ਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਕੋਰੋਨਾ ਵਾਇਰਸ ਨਾਲ ਪੀਡ਼ਤ ਹੋ ਚੁੱਕੇ ਹਨ। ਇਸ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ 3200 ਤੋਂ ਵੀ ਉਪਰ ਹੋ ਚੁੱਕੀ ਹੈ। ਨਵਾਂ ਵਾਇਰਸ ਹੋਣ ਕਾਰਣ ਅਜੇ ਇਸ ਦਾ ਕੋਈ ਇਲਾਜ ਵੀ ਸੰਭਵ ਨਹੀਂ ਹੋ ਸਕਿਆ, ਜਿਸ ਕਾਰਣ ਦੁਨੀਆ ਭਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸਿਹਤ ਵਿਭਾਗ ਵਲੋਂ ਪੂਰੀ ਆਬਾਦੀ ਨੂੰ ਕੋਰੋਨਾ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ
ਤਾਜ਼ਾ ਜਾਣਕਾਰੀ ਕੁਝ ਬਾਹਰਲੇ ਦੇਸ਼ਾਂ ਤੋਂ ਆਏ ਕੋਰੋਨਾ ਪੀਡ਼ਤ ਲੋਕਾਂ ਕਾਰਣ ਦੇਸ਼ ਭਰ ਵਿਚ ਹੁਣ ਤਕ ਕੋਰੋਨਾ ਤੋਂ ਪੀਡ਼ਤ 28 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਤੋਂ ਬਚਾਅ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜ਼ਬਰਦਸਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜ਼ਰੂਰੀ ਹਦਾਇਤਾਂ ਕੀਤੀਆਂ ਗਈਆਂ ਹਨ। ਜ਼ਿਲਾ ਫਰੀਦਕੋਟ ਦੀ ਕੁੱਲ ਆਬਾਦੀ 6 ਲੱਖ 10 ਹਜ਼ਾਰ ਦੇ ਕਰੀਬ ਹੈ। ਜ਼ਿਲੇ ਦੇ ਸਿਹਤ ਵਿਭਾਗ ਵਲੋਂ ਪੂਰੀ ਆਬਾਦੀ ਨੂੰ ਕੋਰੋਨਾ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੁਝ ਦਿਨਾਂ ਪਹਿਲਾਂ ਜ਼ਿਲੇ ਦੇ ਕੋਟਕਪੂਰਾ ਸ਼ਹਿਰ ਵਿਚ ਕੈਨੇਡਾ ਤੋਂ ਚੀਨ ਦੇ ਰਸਤੇ ਆਏ ਇਕ ਵਿਅਕਤੀ ਦੇ ਸ਼ੱਕੀ ਹੋਣ ਕਾਰਣ ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਐੱਸ.ਐੱਸ.ਪੀ. ਫਰੀਦਕੋਟ ਦੀ ਸਹਾਇਤਾ ਨਾਲ ਉਕਤ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਅਤੇ ਉਸ ਦੇ ਸੈਂਪਲ ਠੀਕ ਹੋਣ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ।
ਅੱਜ ‘ਜਗ ਬਾਣੀ’ ਦੀ ਟੀਮ ਵੱਲੋਂ ਜ਼ਿਲੇ ਭਰ ਦੇ ਹਸਪਤਾਲਾਂ ਦਾ ਮੁਆਇਨਾ ਕਰ ਕੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਮਰੀਜ਼ਾਂ ਨੂੰ ਇਲਾਜ ਲਈ ਦਾਖਲ ਆਦਿ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਦੌਰਾਨ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ਬਣਾਏ ਗਏ ਹਨ। ਸਿਵਲ ਹਸਪਤਾਲ ਕੋਟਕਪੂਰਾ ਵਿਖੇ ਡਾ. ਹਰਕੰਵਲਜੀਤ ਸਿੰਘ ਐੱਸ. ਐੱਮ. ਓ. ਵਲੋਂ ਹਸਪਤਾਲ ਵਿਚ ਬਣਾਏ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ਵਿਖਾਉਂਦੇ ਹੋਏ। ਇਸ ਸਬੰਧੀ ਕੀਤੀ ਤਿਆਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪਤਾ ਲੱਗਿਆ ਕਿ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਰਾਜੂ ਦੀ ਅਗਵਾਈ ਹੇਠ ਇਸ ਸਬੰਧੀ ਬਕਾਇਦਾ ਮੌਕਡ੍ਰਿਲ ਵੀ ਕੀਤੀ ਗਈ ਹੈ।
ਹਰ ਖਾਂਸੀ-ਜ਼ੁਕਾਮ ਕੋਰੋਨਾ ਨਹੀਂ ਹੁੰਦਾ : ਡਾ. ਰਾਜਨ ਸਿੰਗਲਾ
ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਅਕਸਰ ਤੇਜ਼ ਬੁਖਾਰ ਤੋਂ ਬਾਅਦ ਖਾਂਸੀ ਆਉਣ, ਜ਼ੁਕਾਮ ਅਤੇ ਸਿਰ ਦਰਦ ਦੇ ਨਾਲ-ਨਾਲ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ। ਇਲਾਕੇ ਦੇ ਪ੍ਰਸਿੱਧ ਸਿਹਤ ਮਾਹਰ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਹਰ ਖਾਂਸੀ-ਜ਼ੁਕਾਮ ਕੋਰੋਨਾ ਨਹੀਂ ਹੁੰਦਾ ਅਤੇ ਇਸ ਤੋਂ ਘਬਰਾਉਣ ਦੀ ਲੋਡ਼ ਨਹੀਂ। ਉਨ੍ਹਾਂ ਕਿਹਾ ਕਿ ਪ੍ਰੰਤੂ ਇਸ ਪ੍ਰਤੀ ਲਾਪਰਵਾਹੀ ਵਰਤਣੀ ਵੀ ਵੱਡੀ ਗਲਤੀ ਹੋ ਸਕਦੀ ਹੈ, ਇਸ ਲਈ ਖਾਂਸੀ-ਜ਼ੁਕਾਮ ਹੋਣ ’ਤੇ ਤੁਰੰਤ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।