''ਕੋਰੋਨਾ ਵਾਇਰਸ ਦੇ ਨਾਲ-ਨਾਲ ''ਡੇਂਗੂ'' ਤੋਂ ਵੀ ਬਚਣਾ ਜ਼ਰੂਰੀ''

Saturday, Apr 18, 2020 - 10:47 PM (IST)

''ਕੋਰੋਨਾ ਵਾਇਰਸ ਦੇ ਨਾਲ-ਨਾਲ ''ਡੇਂਗੂ'' ਤੋਂ ਵੀ ਬਚਣਾ ਜ਼ਰੂਰੀ''

ਮੋਹਾਲੀ,(ਵਿਨੋਦ ਰਾਣਾ) : 'ਕੋਰੋਨਾ ਵਾਇਰਸ' ਮਹਾਮਾਰੀ ਦੇ ਚਾਲੂ ਦੌਰ 'ਚ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਤੋਂ ਵੀ ਬਚਣ ਦੀ ਬਹੁਤ ਲੋੜ ਹੈ ਕਿਉਂਕਿ ਗਰਮੀ ਦੇ ਮੌਸਮ 'ਚ ਕੂਲਰ ਆਦਿ ਚੱਲਣ ਨਾਲ ਇਸ ਜਾਨਲੇਵਾ ਮੱਛਰ ਦੇ ਪੈਦਾ ਹੋਣ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ। ਜ਼ਿਲਾ ਵਾਸੀਆਂ ਨੂੰ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਵੇਲੇ 'ਕੋਰੋਨਾ ਵਾਇਰਸ' ਦੀ ਮਹਾਮਾਰੀ ਚੱਲ ਰਹੀ ਹੈ ਅਤੇ ਸਰਕਾਰ, ਪ੍ਰਸ਼ਾਸਨ ਤੇ ਲੋਕਾਂ ਦਾ ਸਾਰਾ ਧਿਆਨ ਇਸ ਬੀਮਾਰੀ ਦੀ ਰੋਕਥਾਮ ਅਤੇ ਇਸ ਤੋਂ ਬਚਣ ਵਲ ਲੱਗਾ ਹੋਇਆ ਹੈ ਪਰ ਇਸ ਸੰਕਟਮਈ ਸਮੇਂ 'ਚ ਸਾਰਿਆਂ ਨੂੰ ਡੇਂਗੂ ਜਿਹੀ ਜਾਨਲੇਵਾ ਬੀਮਾਰੀ ਤੋਂ ਵੀ ਬਚਣ ਦੀ ਓਨੀ ਹੀ ਲੋੜ ਹੈ, ਜਿੰਨੀ 'ਕੋਰੋਨਾ' ਮਹਾਮਾਰੀ ਤੋਂ। ਉਨ੍ਹਾਂ ਕਿਹਾ ਕਿ ਇਸ ਵੇਲੇ ਕਰਫਿਊ ਲੱਗਾ ਹੋਣ ਕਾਰਨ ਲੋਕ ਘਰਾਂ 'ਚ ਹੀ ਰਹਿ ਰਹੇ ਹਨ, ਜਿਸ ਕਾਰਨ ਉਨ੍ਹਾਂ ਕੋਲ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ ਆਦਿ ਦੀ ਸਾਫ਼-ਸਫ਼ਾਈ ਲਈ ਖੁੱਲਾ ਸਮਾਂ ਹੈ। ਉਨ੍ਹਾਂ ਲੋਕਾਂ ਨੂੰ ਹਰ ਸ਼ੁੱਕਰਵਾਰ, ਡਰਾਈ ਡੇਅ' ਵਜੋਂ ਵੀ ਮਨਾਉਣ ਦੀ ਯਾਦ ਦਿਵਾਈ। ਉਨ੍ਹਾਂ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਨੇ ਇਸ ਜਾਨਲੇਵਾ ਮੱਛਰ ਤੋਂ ਬਚਾਅ ਲਈ ਗਲੀਆਂ-ਮੁਹੱਲਿਆਂ ਅਤੇ ਜਨਤਕ ਥਾਵਾਂ 'ਤੇ ਫ਼ੌਗਿੰਗ ਕਰਵਾਉਣ ਵਾਸਤੇ ਮਿਊਂਸਪਲ ਕਾਰਪੋਰੇਸ਼ਨ ਨੂੰ ਚਿੱਠੀ ਲਿਖੀ ਹੈ।

ਜ਼ਿਲਾ ਵਾਸੀਆਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲੇ ਮੱਛਰ 'ਏਡੀਜ਼ ਅਜਿਪਟੀ' ਨੂੰ ਘਰਾਂ ਅਤੇ ਆਪਣੇ ਆਲੇ-ਦੁਆਲੇ ਕਿਸੇ ਵੀ ਕੀਮਤ 'ਤੇ ਪੈਦਾ ਨਾ ਹੋਣ ਦਿਤਾ ਜਾਵੇ, ਨਾਲ ਹੀ ਉਨ੍ਹਾਂ ਕਿਹਾ ਕਿ ਡੇਂਗੂ ਇਲਾਜਯੋਗ ਬੀਮਾਰੀ ਹੈ ਅਤੇ ਡੇਂਗੂ ਹੋਣ 'ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ, ਜੇ ਡੇਂਗੂ ਬੁਖ਼ਾਰ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ 'ਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ 'ਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਤਾਂ ਇਹ ਮੱਛਰ ਪੈਦਾ ਹੀ ਨਹੀਂ ਹੋਵੇਗਾ। ਇਸ ਤੋਂ ਬਚਾਅ ਲਈ ਕੀ ਕੀਤਾ ਜਾਵੇ ਇਸ ਬਾਰੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਨੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਕਿਸੇ ਵੀ ਜਗਾ 'ਤੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ। ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਫ਼ਰਿੱਜਾਂ ਦੀਆਂ ਟਰੇਆਂ, ਕੂਲਰਾਂ ਆਦਿ ਨੂੰ ਖ਼ਾਲੀ ਕਰ ਕੇ ਸੁਕਾਉ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ ਖੜਾ ਨਾ ਹੋਣ ਦਿਉ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ 'ਚ ਕਈ ਕਈ ਦਿਨ ਪੁਰਾਣਾ ਪਾਣੀ ਖੜਾ ਨਾ ਹੋਵੇ। ਕੂਲਰ ਚਾਲੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾਏ ਜਾਣ। ਅਜਿਹੇ ਕੱਪੜੇ ਪਾਏ ਜਾਣ ਜਿਨਾਂ ਨਾਲ ਪੂਰਾ ਸਰੀਰ ਖ਼ਾਸਕਰ ਬਾਹਾਂ ਅਤੇ ਲੱਤਾਂ ਢਕੀਆਂ ਰਹਿਣ।  

ਡੇਂਗੂ ਬੁਖ਼ਾਰ ਦੇ ਲੱਛਣ
ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ 'ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ 'ਚ ਪਲਦੇ ਹਨ, ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ 'ਚ।


author

Deepak Kumar

Content Editor

Related News