ਬਰਨਾਲਾ ਜ਼ਿਲੇ ਅੰਦਰ 22ਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਦਿੱਤੀ ਦਸਤਕ

Wednesday, May 20, 2020 - 06:16 PM (IST)

ਤਪਾ ਮੰਡੀ (ਮੇਸ਼ੀ) : ਜ਼ਿਲਾ ਬਰਨਾਲਾ ਅੰਦਰ ਸਿਹਤ ਵਿਭਾਗ ਸਣੇ ਆਮ ਲੋਕਾਂ ਵਿਚ ਉਸ ਵੇਲੇ ਤਰਥੱਲੀ ਮਚ ਗਈ ਜਦੋਂ ਤਪਾ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਤਾਜੋਕੇ ਦੇ ਏਕਾਂਤਵਾਸ ਕੀਤੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆ ਗਈ ਪਰ ਸਿਹਤ ਵਿਭਾਗ ਦੀ ਅਣਗਹਿਲੀ ਵੀ ਇਥੇ ਜਗ ਜ਼ਾਹਿਰ ਹੋਈ ਕਿਉਂਕਿ ਅੱਜ ਦੁਪਿਹਰ ਵੇਲੇ ਹੀ ਇਸ ਨੂੰ ਸਿਹਤ ਵਿਭਾਗ ਨੇ ਮੂੰਹਜ਼ੁਬਾਨੀ ਇਹ ਕਹਿ ਕੇ ਘਰ ਭੇਜ ਦਿੱਤਾ ਸੀ ਕਿ ਸਭ ਦੀ ਰਿਪੋਰਟ ਨੈਗੇਟਿਵ ਹੀ ਆਉਣੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਦਾ ਜਸਵੀਰ ਸਿੰਘ ਪੁੱਤਰ ਜੀਤਾ ਸਿੰਘ ਵਾਸੀਅਨ ਤਾਜੋਕੇ ਪਿਛਲੇ ਦਿਨੀਂ ਆਂਧਰਾ ਪ੍ਰਦੇਸ਼ ਤੋਂ ਪਰਤ ਕੇ ਜ਼ਿਲੇ ਅੰਦਰ ਆਇਆ ਸੀ। ਜਿਸ ਨੂੰ ਪਹਿਲਾਂ ਪਹਿਲ ਸੰਘੇੜਾ ਵਿਖੇ ਬਣੇ ਕੇਂਦਰ ਵਿਚ ਰੱਖਿਆ ਗਿਆ ਅਤੇ ਹੁਣ ਕੁਝ ਦਿਨ ਤੋਂ ਪਿੰਡ ਅੰਦਰਲੇ ਹੀ ਸਕੂਲ ਵਿਚ ਬਣੇ ਏਕਾਂਤਵਾਸ ਕੇਂਦਰ ਵਿਚ ਹੋਰਨਾਂ ਏਕਾਂਤਵਾਸ ਕੀਤੇ ਵਿਅਕਤੀਆਂ ਨਾਲ ਰੱਖਿਆ ਹੋਇਆ ਸੀ। ਜਿਨ੍ਹਾਂ ਦੇ ਕੋਰੋਨਾ ਟੈਸਟ ਵਿਭਾਗ ਵੱਲੋਂ ਭੇਜੇ ਗਏ ਸਨ। 

ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਕੋਰੋਨਾ ਦੇ ਤਿੰਨ ਹੋਰ ਮਾਮਲੇ, ਬਾਹਰੀ ਸੂਬਿਆਂ ਤੋਂ ਆਏ ਵਿਅਕਤੀ ਆਏ ਰਹੇ ਪਾਜ਼ੇਟਿਵ    

ਸੂਤਰਾਂ ਅਨੁਸਾਰ ਏਕਾਂਤਵਾਸ ਕੇਂਦਰ ਵਿਚਲੇ ਬਾਕੀ ਦਰਜਣ ਭਰ ਦੇ ਕਰੀਬ ਏਕਾਂਤਵਾਸ ਕੀਤੇ ਨੌਜਵਾਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਸੀ ਜਦਕਿ ਇਸ ਦੀ ਰਿਪੋਰਟ ਆਉਣੀ ਅਜੇ ਬਾਕੀ ਸੀ ਪਰ ਸਿਹਤ ਵਿਭਾਗ ਨੇ ਅਵੇਸਲਾਪਣ ਕਰਦਿਆਂ ਦੁਪਿਹਰ ਵੇਲੇ ਸਭ ਨੂੰ ਇਹ ਕਹਿ ਕੇ ਫਾਰਗ ਕਰ ਦਿੱਤਾ ਸੀ ਕਿ ਰਿਪੋਰਟ ਤਾਂ ਇਸ ਦੀ ਵੀ ਨੈਗੇਟਿਵ ਹੀ ਆਉਣੀ ਹੈ ਪਰ ਹੁਣ ਆਥਣ ਵੇਲੇ ਇਸ ਦੀ ਰਿਪੋਰਟ ਪਾਜ਼ੇਟਿਵ ਆ ਜਾਣ ਕਾਰਨ ਤਰਥੱਲੀ ਮੱਚ ਗਈ ਅਤੇ ਜਲਦ ਹੀ ਇਸ ਨੂੰ ਮੁੜ ਏਕਾਂਤਵਾਸ ਕੇਂਦਰ ਵਿਚ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਮਰੀਜ਼ ਨੂੰ ਹੁਣ ਇਲਾਜ ਲਈ ਆਈਸੋਲੇਸ਼ਨ ਸੈਂਟਰ ਵਿਚ ਰੱਖਿਆ ਜਾਵੇਗਾ। ਜ਼ਿਲਾ ਬਰਨਾਲਾ ਇਕ ਵਾਰ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਿਆ ਸੀ ਪਰ ਤਾਜੋਕੇ ਦੇ ਜਸਵੀਰ ਸਿੰਘ ਦੇ ਪਾਜ਼ੇਟਿਵ ਆ ਜਾਣ ਕਾਰਨ ਇਹ ਜ਼ਿਲੇ ਅੰਦਰਲਾ 22ਵਾਂ ਕੋਰੋਨਾ ਪਾਜ਼ੇਟਿਵ ਮਰੀਜ਼ ਬਣ ਗਿਆ ਹੈ। ਸਿਵਲ ਸਰਜਨ ਡਾ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਇਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਵੇਗਾ। ਉਨ੍ਹਾਂ ਸਿਹਤ ਵਿਭਾਗ ਵੱਲੋਂ ਇਸ ਨੂੰ ਇਕ ਵਾਰ ਫਾਰਗ ਕਰ ਦੇਣ ਸਬੰਧੀ ਖੁਦ ਦੀ ਅਣਜਾਣਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਵੀ ਤਾਜੋਕੇ ਵਿਖੇ ਹੀ ਜਾ ਰਹੇ ਹਨ। ਜਿਥੇ ਪੁੰਹਚ ਕੇ ਹਾਲਾਤ ਬਾਰੇ ਦੱਸਿਆ ਜਾ ਸਕੇਗਾ।


Gurminder Singh

Content Editor

Related News