ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਸੌੜੀ ਸਿਆਸਤ ਕਰ ਰਹੇ ਅਕਾਲੀ : ਬਾਜਵਾ
Tuesday, May 05, 2020 - 08:04 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ 'ਤੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਸੌੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੋਈ ਵੀ ਅਕਾਲੀ ਆਗੂ ਸੂਬੇ ਵਿਚ ਇਕ ਥਾਂ ਵੀ ਸ਼ਰਧਾਲੂਆਂ ਨੂੰ ਹੌਸਲਾ ਦੇਣ ਨਹੀਂ ਗਿਆ। ਬਾਜਵਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਸਿਆਸੀ ਸਾਖ ਗੁਆ ਚੁੱਕਾ ਅਕਾਲੀ ਦਲ ਸਿੱਖ ਸ਼ਰਧਾਲੂਆਂ ਦੇ ਮੁੱਦੇ 'ਤੇ ਬੇਸਿਰ ਪੈਰ ਬਿਆਨਬਾਜ਼ੀ ਕਰਕੇ ਸਿੱਖਾਂ ਅਤੇ ਪੰਜਾਬੀਆਂ ਵਿਚ ਮੁੜ ਆਪਣੀ ਭੱਲ ਬਣਾਉਣ ਦਾ ਅਸਫਲ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੇ ਕੁਝ ਇਕ ਗਿਣਵੇ ਚੁਣਵੇ ਅਮੀਰ ਪਰਿਵਾਰਾਂ ਵਿਚ ਸ਼ੁਮਾਰ ਬਾਦਲ ਪਰਿਵਾਰ ਦੇ ਇਕ ਵੀ ਜੀਅ ਨੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਿਰੁਧ ਲੜੀ ਜਾ ਰਹੀ ਜੰਗ ਵਿਚ ਇਕ ਧੇਲੇ ਦਾ ਹਿੱਸਾ ਵੀ ਨਹੀਂ ਪਾਇਆ। ਹੋਰ ਤਾਂ ਹੋਰ ਬਾਦਲ ਪਰਿਵਾਰ ਦੇ ਤਿੰਨਾਂ ਜੀਆਂ ਵਲੋਂ ਸਰਕਾਰ ਤੋਂ ਲਈਆਂ ਜਾ ਰਹੀਆਂ ਵੱਡੀਆਂ ਪੈਨਸ਼ਨਾ ਅਤੇ ਤਨਖਾਹਾਂ ਵਿਚੋਂ ਵੀ ਇਕ ਪੈਸਾ ਵੀ ਮੁੱਖ ਮੰਤਰੀ ਰਾਹਤ ਕੋਸ਼ ਵਿਚ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਦੀ ਲਪੇਟ 'ਚ, ਰਿਪੋਰਟ ਆਈ ਪਾਜ਼ੇਟਿਵ
ਪੰਚਾਇਤ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਨਿੱਜਪ੍ਰਸਤ, ਪਰਿਵਾਰਪ੍ਰਸਤ ਅਤੇ ਆਪਹੁਦਰੀਆਂ ਨੀਤੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮਜੀਠੀਆ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਇਕ ਵੀ ਅਕਾਲੀ ਆਗੂ ਇਨ੍ਹਾਂ ਵਾਂਗ ਝੂਠੀ ਅਤੇ ਨਿਰਮੂਲ ਬਿਆਨਬਾਜ਼ੀ ਨਹੀਂ ਕਰ ਰਿਹਾ। ਕੈਬਨਿਟ ਮੰਤਰੀ ਨੇ ਬਾਦਲ ਪਰਿਵਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਮਨ ਵਿਚ ਲੋਕਾਂ ਪ੍ਰਤੀ ਥੋੜੀ ਵੀ ਹਮਦਰਦੀ ਸੀ ਤਾਂ ਉਨ੍ਹਾਂ ਨੇ ਕੋਰੋਨਾ ਵਿਰੁਧ ਆਪਣੀ ਜੀਅ ਜਾਨ ਨਾਲ ਲੜਾਈ ਰਹੇ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਲਈ ਆਪਣੇ ਨਿਊ ਚੰਡੀਗੜ੍ਹ ਸਥਿੱਤ ਹੋਟਲ ਵਿਚ ਡਾਕਟਰਾਂ ਦੇ ਠਹਿਰਣ ਲਈ ਇਕ ਵੀ ਕਮਰਾ ਕਿਉਂ ਨਹੀਂ ਦਿੱਤਾ। ਉਨ੍ਹਾਂ ਨਾਲ ਹੀ ਪੁਛਿਆ ਕਿ ਨਾਂਦੇੜ ਸਾਹਿਬ ਦੇ ਸਿੱਖ ਸ਼ਰਧਾਲੂਆਂ ਪ੍ਰਤੀ ਬਹੁਤਾ ਹੇਜ਼ ਜਤਾ ਰਿਹਾ ਆਕਲੀ ਦਲ ਨੇ ਉਨ੍ਹਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਕਿੰਨੀਆਂ ਬੱਸਾਂ ਭੇਜੀਆਂ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਕੇਂਦਰ 'ਤੇ ਵੱਡਾ ਹਮਲਾ, ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ
ਬਾਜਵਾ ਨੇ ਕਿਹਾ ਕਿ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ 26 ਸੇਵਾਦਾਰਾਂ ਦੇ ਕੋਰੋਨਾ ਰੋਗੀ ਹੋਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਉਨ੍ਹਾਂ ਅਕਾਲੀ ਆਗੂਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਹੜੇ ਨਾਂਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਕੋਰੋਨਾ ਰੋਗੀ ਹੋਣ ਪਿੱਛੇ ਕਿਸੇ ਸਾਜ਼ਿਸ਼ ਹੋਣ ਦਾ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਕਰੋਨਾ ਵਿਰੁੱਧ ਜੰਗ ਲੜ ਰਹੇ ਸਿਹਤ ਕਰਮੀਆਂ ਦਾ ਹੌਸਲਾ ਤੋੜਣ ਦਾ ਗੁਨਾਹ ਕਰਦੇ ਆ ਰਹੇ ਹਨ। ਬਾਜਵਾ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਸਰਕਾਰ ਵਲੋਂ ਕੋਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਅੜਿੱਕੇ ਡਾਹੁਣ ਦੀ ਥਾਂ ਆਪਣੀ ਭਾਈਵਾਲ ਕੇਂਦਰ ਦੀ ਮੋਦੀ ਸਰਕਾਰ 'ਤੇ ਦਬਾਅ ਪਾ ਕੇ ਕਣਕ ਦੇ ਖ਼ਰੀਦ ਮੁੱਲ਼ ਵਿਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਾਉਣ ਤਾਂ ਕਿ ਇਸ ਔਖ਼ੀ ਘੜੀ ਵਿਚ ਸੂਬੇ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਦਾ ਵੱਡਾ 'ਧਮਾਕਾ', 39 ਸ਼ਰਧਾਲੂਆਂ ਸਣੇ 42 ਦੀ ਰਿਪੋਰਟ ਆਈ ਪਾਜ਼ੇਟਿਵ