ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾ-ਮਾਤਰ

Friday, Mar 20, 2020 - 11:55 AM (IST)

ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾ-ਮਾਤਰ

ਮੋਗਾ (ਗੋਪੀ ਰਾਊਕੇ): ਮਨੁੱਖੀ ਜ਼ਿੰਦਗੀਆਂ ਲਈ 'ਖੌਫ਼' ਬਣੇ 'ਕੋਰੋਨਾ' ਵਾਇਰਸ ਦਾ ਭਾਵੇਂ ਮੋਗਾ ਜ਼ਿਲੇ 'ਚ ਹਾਲੇ ਤੱਕ ਇਕ ਸ਼ੱਕੀ ਮਰੀਜ਼ ਹੀ ਸਾਹਮਣੇ ਆਇਆ ਸੀ, ਜਿਸ ਦੀ ਰਿਪੋਰਟ ਵੀ ਨੈਗੇਟਿਵ ਆਈ ਸੀ ਪਰ ਫਿਰ ਅੱਜ ਪੰਜਾਬ 'ਚ ਇਸ ਬੀਮਾਰੀ ਦੀ ਦਸਤਕ ਮਗਰੋਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤਿਆਰੀਆਂ 'ਚ ਜੁਟ ਗਿਆ ਹੈ। ਭਾਵੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਮੋਗਾ ਦੇ ਲਾਲਾ ਮਥੁਰਾ ਦਾਸ ਸਿਵਲ ਹਸਪਤਾਲ 'ਚ ਇਸ ਸਬੰਧੀ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਹਾਲੇ ਵੀ ਕਿਤੇ ਨਾ ਕਿਤੇ ਇਸ ਮਾਮਲੇ ਸਬੰਧੀ ਵਿਭਾਗ ਕੋਲ ਪ੍ਰਬੰਧਾ ਦੀ ਘਾਟ ਦੇਖਣ ਨੂੰ ਮਿਲਦੀ ਨਜ਼ਰ ਆ ਰਹੀ ਹੈ।

'ਜਗ ਬਾਣੀ' ਵੱਲੋਂ ਇਸ ਸਬੰਧ 'ਚ ਇਕੱਤਰ ਕੀਤੀ ਗਈ ਰਿਪੋਰਟ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਮੋਗਾ ਇਕੱਲੇ ਸ਼ਹਿਰ ਦੀ ਆਬਾਦੀ ਹੀ 1.50 ਲੱਖ ਦੇ ਲਗਭਗ ਹੈ ਜਦੋਂਕਿ ਜ਼ਿਲੇ ਭਰ ਦੇ ਚਾਰੇ ਹਲਕਿਆਂ 'ਚ ਲੱਖਾ ਲੋਕ ਹੋਰ ਰਹਿੰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਨੇ ਹਾਲੇ ਤੱਕ ਮੋਗਾ ਦੇ ਸਿਵਲ ਹਸਪਤਾਲ 'ਚ ਸਿਰਫ 4 ਬੈੱਡ ਹੀ ਰਿਜ਼ਰਵ ਰੱਖੇ ਹਨ ਜਦੋਂਕਿ ਇਕ ਵੈਂਟੀਲੇਟਰ ਮਸ਼ੀਨ ਹੀ ਰਾਖਵੀਂ ਹੈ, ਇਸ ਮਾਮਲੇ 'ਤੇ ਇਹ ਸਵਾਲ ਉੱਠਦਾ ਹੈ ਕਿ ਜੇਕਰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਂਦੇ ਹਨ ਤਾਂ ਵਿਭਾਗ ਕੋਲ ਰਿਜ਼ਰਵ ਕੀਤੇ ਗਏ ਪ੍ਰਬੰਧ ਲੋੜ ਅਨੁਸਾਰ ਘੱਟਦੇ ਨਜ਼ਰ ਜ਼ਰੂਰ ਆ ਸਕਦੇ ਹਨ।

ਸਿਨੇਮਾ ਹਾਲ ਬੰਦ, ਹੋਟਲ ਅਤੇ ਢਾਬੇ ਖੁੱਲ੍ਹੇ
13 ਮਾਰਚ ਤੋਂ ਸਰਕਾਰੀ ਆਦੇਸ਼ਾ ਤਹਿਤ ਭਾਵੇਂ ਮੋਗਾ 'ਚ ਸਿਨੇਮਾ ਹਾਲ ਤਾਂ ਬੰਦ ਕਰ ਦਿੱਤੇ ਗਏ ਹਨ ਪਰ ਮੋਗਾ ਸ਼ਹਿਰ 'ਚ ਹੋਟਲ ਅਤੇ ਢਾਬੇ ਹਾਲੇ ਵੀ ਖੁੱਲ੍ਹੇ ਹਨ। ਬੀਤੇ ਕੱਲ ਸਬਜ਼ੀ ਮੰਡੀ ਬੰਦ ਹੋਣ ਦੀ ਸ਼ਹਿਰੀਆਂ ਦੇ ਕੰਨੀ ਪਈ ਸੂਚਨਾ ਮਗਰੋਂ ਅੱਜ ਸਾਰਾ ਦਿਨ ਸ਼ਹਿਰੀ ਸਬਜ਼ੀਆਂ ਨੂੰ ਸਟੋਰ ਕਰਦੇ ਦੇਖੇ ਗਏ। ਭਾਵੇਂ ਆਮ ਦੀ ਤਰ੍ਹਾਂ ਸਬਜੀ ਮੰਡੀ ਤਾਂ ਖੁੱਲ੍ਹੀ ਸੀ ਪਰ ਇਸ ਦੇ ਬੰਦ ਹੋਣ ਦੀ ਸੰਭਾਵਨਾ ਹੈ।
ਸਿਹਤ ਵਿਭਾਗ ਨੇ ਅਧਿਕਾਰੀਆਂ ਨੂੰ ਵੀ ਦਿੱਤੀ ਜਾਗਰੂਕਤਾ ਮੁਹਿੰਮ ਵਿੱਢਣ ਦੀ ਟ੍ਰੇਨਿੰਗ
ਸਿਹਤ ਵਿਭਾਗ ਵੱਲੋਂ ਜਿਥੇ ਆਪਣੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਉੱਥੇ ਹੋਰਨਾਂ ਵਿਭਾਗ ਨੂੰ ਵੀ ਇਸ ਸਬੰਧੀ ਮੁਸਤੈਦ ਕਰਨ ਹਿੱਤ ਵਿਸ਼ੇਸ਼ ਟ੍ਰੇਨਿੰਗ ਸਿਵਲ ਹਸਪਤਾਲ ਮੋਗਾ ਵਿਖੇ ਦਿੱਤੀ ਗਈ ਹੈ। ਸਾਰੇ ਮਹਿਕਮਿਆ ਦੇ ਅਧਿਕਾਰੀ ਲੋਕਾਂ ਨੂੰ ਬੀਮਾਰੀ ਦੇ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕਰ ਰਹੇ ਹਨ।

ਬੱਸਾਂ ਅਤੇ ਰੇਲ ਗੱਡੀਆਂ 'ਚ ਸਵਾਰੀਆਂ ਦੀ ਆਮਦ ਘਟੀ
ਸਿਹਤ ਵਿਭਾਗ ਵੱਲੋਂ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਲੋਕਾਂ ਨੂੰ ਵਰਜਿਤ ਕਰਨ ਮਗਰੋਂ ਅੱਜ ਬੱਸਾਂ ਅਤੇ ਰੇਲ ਗੱਡੀਆਂ ਵਿਚ ਸਵਾਰੀਆਂ ਦੀ ਆਮਦ ਘੱਟ ਦੇਖਣ ਨੂੰ ਮਿਲੀ। ਮੋਗਾ ਬੱਸ ਸਟੈਂਡ 'ਤੇ ਚਿਰਾਂ ਕੰਮ ਕਰਦੇ ਆ ਰਹੇ ਗਿਆਨੀ ਪ੍ਰਿਤਪਾਲ ਸਿੰਘ ਸਰੀਨ ਦਾ ਕਹਿਣਾ ਸੀ ਕਿ ਬੱਸਾਂ 'ਚ 50 ਫ਼ੀਸਦੀ ਲੋਕਾਂ ਦੀ ਆਮਦ ਘੱਟੀ ਹੈ। ਉਨ੍ਹਾਂ ਕਿਹਾ ਕਿ ਭਲਕੇ ਤੋਂ ਬੱਸਾਂ ਬੰਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

ਮੋਗਾ ਹਸਪਤਾਲ 'ਚ ਸਭ ਪ੍ਰਬੰਧ ਮੁਕੰਮਲ : ਡਾ. ਸਾਹਿਲ ਗੁਪਤਾ
ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਮੋਗਾ ਦੇ ਡਾਕਟਰ ਸਾਹਿਲ ਗੁਪਤਾ ਦਾ ਕਹਿਣਾ ਸੀ ਕਿ ਸਿਵਲ ਹਸਪਤਾਲ 'ਚ ਸਭ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਸਟਾਫ ਇਸ ਮਾਮਲੇ ਸਬੰਧੀ ਅਗਾਊ ਪ੍ਰਬੰਧ ਮੁਕੰਮਲ ਕਰੀ ਬੈਠਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਲੋੜ ਪੈਣ 'ਤੇ ਵਾਧੂ ਸਟਾਫ ਦੀ ਵਿਵਸਥਾ ਵੀ ਹੈ।
ਘਰੋਂ-ਘਰੀ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਟੀਮਾਂ : ਡਾ. ਜਸਵੰਤ ਸਿੰਘ
ਸਹਾਇਕ ਸਿਵਲ ਸਰਜਨ ਸਿੰਘ ਡਾ. ਜਸਵੰਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਘਰੋਂ-ਘਰੀ ਜਾ ਕੇ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਮਹਿਕਮੇ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਜ਼ਰੂਰੀ : ਦੀਪਕ ਮਨਚੰਦਾ
ਗੋ-ਗਲੋਬਲ ਮੋਗਾ ਦੇ ਡਾਇਰੈਕਟਰ ਦੀਪਕ ਮਨਚੰਦਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਤਾਂ ਕਿ ਬੀਮਾਰੀ ਦਾ ਵਾਇਰਸ ਅੱਗੇ ਨਾ ਵਧੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ।

ਟਰਾਂਸਪੋਰਟ ਬੰਦ ਕਰਨ ਦਾ ਫੈਸਲਾ ਸ਼ਲਾਘਾਯੋਗ : ਜਤਿਨ ਆਨੰਦ
ਐਡਵੋਕੇਟ ਜਤਿਨ ਆਨੰਦ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ ਕਰਨ ਲਈ ਵੀ ਚੰਗਾ ਫੈਸਲਾ ਲਿਆ ਹੈ, ਕਿਉਂਕਿ ਭੀੜ ਭੜਕੇ 'ਚ ਵਾਇਰਸ ਦੇ ਵਧਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਇਸ ਬੀਮਾਰੀ ਦੇ ਬਚਾਅ ਲਈ ਜਾਗਰੂਕ ਹੋਣਾ ਚਾਹੀਦਾ ਹੈ।


author

Shyna

Content Editor

Related News