ਕੋਰੋਨਾਵਾਇਰਸ ਦਾ ਕਹਿਰ, ਪਠਾਨਕੋਟ ਦੀ ਮਹਿਲਾ ਨੇ ਤੋੜਿਆ ਦਮ

04/05/2020 8:00:19 PM

ਅੰਮ੍ਰਿਤਸਰ (ਦਲਜੀਤ ਸ਼ਰਮਾ): ਸ਼ੇਖਾਂ ਮੁਹੱਲਾ ਨਿਵਾਸੀ ਰਾਜ ਰਾਣੀ ਪਤਨੀ ਪ੍ਰੇਮ ਪਾਲ ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਸੀ, ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਔਰਤ ਕੋਰੋਨਾ ਪਾਜ਼ੇਟਿਵ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਛਾਤੀ 'ਚ ਇਨਫੈਕਸ਼ਨ ਹੋਣ ਨਾਲ ਪਿਛਲੇ 12 ਘੰਟਿਆਂ ਤੋਂ ਵੈਂਟੀਲੇਟਰ 'ਤੇ ਸੀ। ਜਾਣਕਾਰੀ ਮੁਤਾਬਕ ਉਕਤ ਔਰਤ ਸਿਵਲ ਹਸਪਤਾਲ ਪਠਾਨਕੋਟ 'ਚ ਇਲਾਜ ਅਧੀਨ ਸੀ, ਹਾਲਤ ਠੀਕ ਨਾ ਹੋਣ 'ਤੇ ਉਸ ਨੂੰ 2 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਠਾਨਕੋਟ ਦੇ ਸਿਵਲ ਸਰਜਨ ਨੂੰ ਸੂਚਨਾ ਦੇ ਕੇ ਜ਼ਰੂਰੀ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਉਥੇ ਹੀ ਪਠਾਨਕੋਟ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ 'ਚ ਹੜਕੰਪ ਮਚਿਆ ਹੋਇਆ ਹੈ, ਜਿਸ ਕਾਰਣ ਸਿਹਤ ਵਿਭਾਗ ਨੇ ਹਰਕੱਤ 'ਚ ਆਉਂਦੇ ਹੋਏ ਰਾਜ ਰਾਣੀ ਦੇ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਆਈਸੋਲੇਟ ਕਰ ਕੇ ਸੈਂਪਲਾਂ ਨੂੰ ਜਾਂਚ ਲਈ ਭੇਜਣਾ ਸ਼ੁਰੂ ਕਰ ਦਿੱਤਾ ਹੈ। ਸਿਵਲ ਸਰਜਨ ਵਿਨੋਦ ਸਰੀਨ ਦੇ ਅਨੁਸਾਰ ਅਜੇ ਤੱਕ ਰਾਜ ਰਾਣੀ ਨਾਲ ਸਬੰਧਿਤ ਕੁੱਲ 30 ਲੋਕਾਂ ਦੀ ਲਿਸਟ ਉਨ੍ਹਾਂ ਦੇ ਕੋਲ ਆਈ ਹੈ ਜਿਨ੍ਹਾਂ 'ਚੋਂ 18 ਲੋਕਾਂ ਨੂੰ ਸਿਵਲ ਹਸਪਤਾਲ ਪਠਾਨਕੋਟ 'ਚ ਕੁਆਰੰਟਾਈਨ ਕੀਤਾ ਗਿਆ ਹੈ। ਜਦਕਿ 4 ਨੂੰ ਜੁਗਿਆਲ 'ਚ ਉਨ੍ਹਾਂ ਦੇ ਘਰ 'ਚ ਆਈਸੋਲੇਟ ਕੀਤਾ ਗਿਆ ਹੈ ਅਤੇ 8 ਹੋਰ ਲੋਕਾਂ ਨੂੰ ਵੀ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆਈਸੋਲੇਟ ਕੀਤਾ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ 30 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਸੈਂਪਲਾਂ ਦੀ ਰਿਪੋਰਟ ਆਉਣ ਦੇ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਕਿੰਨੇ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।


Karan Kumar

Content Editor

Related News