ਕੋਰੋਨਾ ਦੇ ਵੱਧ ਰਹੇ ਕੇਸਾਂ ਦਰਮਿਆਨ ਖ਼ਤਰੇ ਦੀ ਘੰਟੀ, ਫਿਰੋਜ਼ਪੁਰ ਸਿਵਲ ਹਸਪਤਾਲ ''ਚ ਖ਼ਤਮ ਹੋਈ ਵੈਕਸੀਨ

Wednesday, Apr 12, 2023 - 02:19 PM (IST)

ਕੋਰੋਨਾ ਦੇ ਵੱਧ ਰਹੇ ਕੇਸਾਂ ਦਰਮਿਆਨ ਖ਼ਤਰੇ ਦੀ ਘੰਟੀ, ਫਿਰੋਜ਼ਪੁਰ ਸਿਵਲ ਹਸਪਤਾਲ ''ਚ ਖ਼ਤਮ ਹੋਈ ਵੈਕਸੀਨ

ਫਿਰੋਜ਼ਪੁਰ (ਕੁਮਾਰ) : ਪੰਜਾਬ ਦੇ ਨਾਲ-ਨਾਲ ਫਿਰੋਜ਼ਪੁਰ ’ਚ ਵੀ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਖੰਘ, ਜ਼ੁਕਾਮ, ਬੁਖਾਰ ਆਦਿ ਤੋਂ ਪੀਡ਼ਤ ਮਰੀਜ਼ ਹਸਪਤਾਲਾਂ ਵਿਚ ਜਾ ਰਹੇ ਹਨ ਤੇ ਹੌਲੀ-ਹੌਲੀ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਬੀਤੇ ਦਿਨ ਫਿਰੋਜ਼ਪੁਰ ਦੇ ਇਕ ਸਰਹੱਦੀ ਪਿੰਡ ਦੇ ਇਕ 35 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਦੀ ਅਗਲੇ 2 ਦਿਨਾਂ ’ਚ ਮੌਤ ਹੋ ਗਈ। ਪੰਜਾਬ ’ਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਇੱਕ ਮੌਕ ਡਰਿੱਲ ਵੀ ਕਰਵਾਈ ਗਈ ਅਤੇ ਕੋਰੋਨਾ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਇਹ ਵੀ ਪੜ੍ਹੋ- ਇਕੋ ਝਟਕੇ 'ਚ ਤਬਾਹ ਹੋਈਆਂ ਪਰਿਵਾਰ ਦੀਆ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਦਰਦਨਾਕ ਮੌਤ

ਸਿਵਲ ਹਸਪਤਾਲ ਫਿਰੋਜ਼ਪੁਰ ’ਚ ਲੋਕਾਂ ਨੂੰ ਲਗਾਉਣ ਲਈ ਕੋਰੋਨਾ ਵੈਕਸੀਨ ਨਹੀਂ ਹੈ। ਸੰਪਰਕ ਕਰਨ ’ਤੇ ਹੈਲਥ ਵਰਕਰ ਮੈਡਮ ਸੰਗੀਤਾ ਨੇ ਦੱਸਿਆ ਕਿ ਕਰੀਬ 2 ਤੋਂ 3 ਮਹੀਨੇ ਹੋ ਗਏ ਹਨ, ਹਸਪਤਾਲ ’ਚ ਵੈਕਸੀਨ ਨਹੀਂ ਆਈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਹਸਪਤਾਲਾਂ ’ਚ ਵੀ ਕੋਰੋਨਾ ਦੀ ਵੈਕਸੀਨ ਨਹੀਂ ਹੈ। ਰੋਜ਼ਾਨਾ ਕਰੀਬ 15 ਤੋਂ 20 ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਆਉਂਦੇ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਉਹ ਹਨ, ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ। ਉਹ ਵੀ ਕੋਰੋਨਾ ਵੈਕਸੀਨ ਦੇ ਆਉਣ ਦੀ ਉਡੀਕ ਕਰ ਰਹੇ ਹਨ। ਹਸਪਤਾਲ ’ਚ ਦੇਖਿਆ ਗਿਆ ਕਿ ਵਧਦੇ ਕੋਰੋਨਾ ਦੇ ਬਾਵਜੂਦ ਲੋਕ ਬਚਣ ਲਈ ਮਾਸਕ ਨਹੀਂ ਲਗਾਉਂਦੇ ਅਤੇ ਨਾ ਹੀ ਭੀੜ ਵਾਲੀਆਂ ਥਾਵਾਂ ’ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹਨ। ਹੁਣ ਤੱਕ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।

ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ 'ਤੇ ਭਾਰਤੀ ਫ਼ੌਜ ਦਾ ਬਿਆਨ ਆਇਆ ਸਾਹਮਣੇ

ਲੋਕ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ : ਡਾ. ਜਤਿੰਦਰ ਕੋਛੜ

ਇਸ ਸਬੰਧੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਸੀਨੀਅਰ ਡਾਕਟਰ ਜਤਿੰਦਰ ਕੋਛੜ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਹਸਪਤਾਲ ’ਚ ਖੰਘ, ਜ਼ੁਕਾਮ, ਬੁਖਾਰ ਅਤੇ ਗਲੇ ਦੀ ਖਰਾਸ਼ ਆਦਿ ਦੇ ਜ਼ਿਆਦਾ ਮਰੀਜ਼ ਆ ਰਹੇ ਹਨ। ਲੋਕਾਂ ਨੂੰ ਆਪਣੀ ਸੁਰੱਖਿਆ ਵਲੋਂ ਖ਼ੁਦ ਧਿਆਨ ਰੱਖਣਾ ਚਾਹੀਦਾ ਹੈ, ਬਾਹਰ ਨਿਕਲਦੇ ਸਮੇਂ ਮੂੰਹ ਦੇ ਮਾਸਕ ਪਹਿਨਣੇ ਚਾਹੀਦੇ ਹਨ, ਸਮਾਜਿਕ ਦੂਰੀ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਭੀੜ-ਭਾੜ ਵਾਲੇ ਖੇਤਰ ’ਚ ਨਹੀਂ ਜਾਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਖੰਘ, ਗਲੇ ਦੀ ਖਰਾਸ਼ ਜਾਂ ਬੁਖਾਰ ਹੋਵੇ, ਉਹ ਤੁਰੰਤ ਆਪਣੇ-ਆਪ ਨੂੰ ਆਈਸੋਲੇਟ ਕਰ ਲੈਣ ਅਤੇ ਡਾਕਟਰ ਤੋਂ ਚੈੱਕਅਪ ਕਰਵਾਉਣ ਤੋਂ ਬਾਅਦ ਦਵਾਈ ਲੈਣ ਅਤੇ ਕੋਰੋਨਾ ਟੈਸਟ ਕਰਵਾਉਣ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News